ਹਰਿਆਣਾ ਤੋਂ ਪੰਜਾਬ ਆ ਰਹੀ ਬੱਸ ਹੋਈ ਹਾਦਸੇ ਦੀ ਸ਼ਿਕਾਰ, ਬੱਸ ਚਾਲਕ ਦੀ ਗਰਦਨ ਧੜ ਤੋਂ ਵੱਖ ਹੋਈ, 27 ਲੋਕ ਜ਼ਖ਼ਮੀ
ਚੰਡੀਗੜ੍ਹ, 17 ਅਗਸਤ,ਬੋਲੇ ਪੰਜਾਬ ਬਿਊਰੋ :
ਹਰਿਆਣਾ ਤੋਂ ਪੰਜਾਬ ਦੇ ਲੁਧਿਆਣਾ ਆ ਰਹੀ ਇੱਕ ਬੱਸ ਨਾਲ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਹਰਿਆਣਾ ਦੇ ਜੀਂਦ ਤੋਂ ਆ ਰਹੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਚਾਲਕ ਦੀ ਗਰਦਨ ਧੜ ਤੋਂ ਵੱਖ ਹੋ ਕੇ ਟਰਾਲੇ ‘ਤੇ ਜਾ ਡਿੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬੱਸ ‘ਚ ਸਵਾਰ 27 ਦੇ ਕਰੀਬ ਲੋਕ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਜੁਲਾਨਾ ਤੋਂ ਲੰਘਦੇ ਨੈਸ਼ਨਲ ਐਨਐਚ-152 ਡੀ ‘ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਸਵਾਰੀਆਂ ਨਾਲ ਭਰੀ ਇਕ ਨਿੱਜੀ ਬੱਸ ਹਾਈਵੇਅ ‘ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ, ਜਿਸ ‘ਚ ਬੱਸ ‘ਚ ਸਵਾਰ 27 ਦੇ ਕਰੀਬ ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਜੁਲਾਨਾ ਦੇ ਕਮਿਊਨਿਟੀ ਹੈਲਥ ਸੈਂਟਰ ‘ਚ ਲਿਆਂਦਾ ਗਿਆ, ਜਿਨ੍ਹਾਂ ‘ਚੋਂ 17 ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਹੋਰ ਜ਼ਖ਼ਮੀਆਂ ਦਾ ਜੁਲਾਨਾ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੂਰਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਰਾਹਤ ਕਾਰਜਾਂ ‘ਚ ਜੁਟਿਆ ਹੋਇਆ ਹੈ।