ਮੁੱਖ ਮੰਤਰੀ ਭਗਵੰਤ ਮਾਨ ਦੇ ਬੁਲੇਟਪਰੂਫ ਸ਼ੀਸ਼ੇ ਪਿੱਛੋਂ ਸੰਬੋਧਨ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਸਵਾਲ
ਚੰਡੀਗੜ੍ਹ, 16 ਅਗਸਤ,ਬੋਲੇ ਪੰਜਾਬ ਬਿਊਰੋ :
ਸੁਤੰਤਰਤਾ ਦਿਵਸ ‘ਤੇ ਜਲੰਧਰ ‘ਚ ਆਯੋਜਿਤ ਰਾਜ ਪੱਧਰੀ ਸਮਾਗਮ ‘ਚ ਸੀ.ਐੱਮ ਭਗਵੰਤ ਮਾਨ ਨੇ ਝੰਡਾ ਲਹਿਰਾਇਆ ਸੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਉੱਚ ਸੁਰੱਖਿਆ ਵਾਲੀ ਬੁਲੇਟਪਰੂਫ ਸ਼ੀਸ਼ੇ ਦੀ ਢਾਲ ਦੇ ਪਿੱਛੇ ਲੋਕਾਂ ਨੂੰ ਸੰਬੋਧਨ ਕੀਤਾ। ਹੁਣ ਇਸ ‘ਤੇ ਸਿਆਸਤ ਗਰਮਾ ਗਈ ਹੈ।
ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਮੁੱਖ ਮੰਤਰੀ ਦੇ ਸੁਤੰਤਰਤਾ ਦਿਵਸ ਦੇ ਸੰਬੋਧਨ ਦੀ ਸੁਰੱਖਿਆ ਲਈ ਵਿਸ਼ੇਸ਼ ਉੱਚ ਸੁਰੱਖਿਆ ਬੁਲੇਟਪਰੂਫ ਕੱਚ ਦੀਆਂ ਢਾਲਾਂ ਦੀ ਵਰਤੋਂ ਕੀਤੀ ਗਈ ਸੀ। ਇਸ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ ਹੈ।
ਅਕਾਲੀ ਦਲ ਵੱਲੋਂ ਸੁਖਬੀਰ ਬਾਦਲ,ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਸਾਬਕਾ ਮੰਤਰੀ ਪਰਗਟ ਸਿੰਘ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਸੀ.ਐੱਮ ਮਾਨ ਕਹਿੰਦੇ ਸਨ ਕਿ ਜੇਕਰ ਲੋਕਾਂ ਵਿੱਚ ਜਾਣ ਤੋਂ ਡਰ ਲੱਗਦਾ ਹੈ ਤਾਂ ਪੋਲਟਰੀ ਫਾਰਮ ਖੋਲ੍ਹ ਲੈਣਾ ਚਾਹੀਦਾ ਹੈ। ਹੁਣ ਸੀਐਮ ਮਾਨ ਖੁਦ ਡਰੇ ਹੋਏ ਹਨ।