ਮੁੱਖ ਮੰਤਰੀ ਨਿਵਾਸ ‘ਤੇ ਨਹੀਂ ਲਹਿਰਾਇਆ ਗਿਆ ਤਿਰੰਗਾ, ਸੁਨੀਤਾ ਕੇਜਰੀਵਾਲ ਨੇ ਅਫਸੋਸ ਜਤਾਇਆ
ਨਵੀਂ ਦਿੱਲੀ, 16 ਅਗਸਤ,ਬੋਲੇ ਪੰਜਾਬ ਬਿਊਰੋ :
ਬੀਤੇ ਕੱਲ੍ਹ ਭਾਰਤ ‘ਚ 78ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਹੈ। ਇਸ ਖਾਸ ਮੌਕੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਮੁੱਖ ਮੰਤਰੀ ਨਿਵਾਸ ‘ਤੇ ਤਿਰੰਗਾ ਝੰਡਾ ਨਾ ਲਹਿਰਾਏ ਜਾਣ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਐਕਸ ‘ਤੇ ਪੋਸਟ ਸ਼ੇਅਰ ਕਰਕੇ ਸੁਨੀਤਾ ਨੇ ਅਫਸੋਸ ਜਤਾਇਆ ਹੈ।
ਸੁਨੀਤਾ ਕੇਜਰੀਵਾਲ ਨੇ ਲਿਖਿਆ- ਅੱਜ ਮੁੱਖ ਮੰਤਰੀ ਨਿਵਾਸ ‘ਤੇ ਤਿਰੰਗਾ ਨਹੀਂ ਲਹਿਰਾਇਆ ਗਿਆ। ਬਹੁਤ ਅਫਸੋਸਨਾਕ। ਇਹ ਤਾਨਾਸ਼ਾਹੀ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਤਾਂ ਰੱਖ ਸਕਦੀ ਹੈ, ਪਰ ਦਿਲ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਕਿਵੇਂ ਰੋਕ ਸਕੇਗੀ। ਸੁਨੀਤਾ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਦੇ ਨਾਲ ਹੀ ਦਿੱਲੀ ਸਰਕਾਰ ਵਿੱਚ ਮੰਤਰੀ ਆਤਿਸ਼ੀ ਨੇ X ਉੱਤੇ ਲਿਖਿਆ – ਅੱਜ ਸੁਤੰਤਰਤਾ ਦਿਵਸ ਹੈ, ਜਦੋਂ ਭਾਰਤ ਨੂੰ 1947 ਵਿੱਚ ਬ੍ਰਿਟਿਸ਼ ਤਾਨਾਸ਼ਾਹੀ ਤੋਂ ਆਜ਼ਾਦੀ ਮਿਲੀ ਸੀ। ਸਾਨੂੰ ਇਹ ਆਜ਼ਾਦੀ ਦਿਵਾਉਣ ਲਈ ਸੈਂਕੜੇ ਆਜ਼ਾਦੀ ਘੁਲਾਟੀਆਂ ਨੇ ਲਾਠੀਆਂ ਖਾਈਆਂ, ਜੇਲ੍ਹ ਗਏ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਨੇ ਸੁਪਨਿਆਂ ਵਿੱਚ ਵੀ ਅਜਿਹਾ ਸੋਚਿਆ ਨਹੀਂ ਹੋਵੇਗਾ ਕਿ ਆਜ਼ਾਦ ਭਾਰਤ ਵਿੱਚ ਇੱਕ ਦਿਨ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਝੂਠੇ ਕੇਸ ਵਿੱਚ ਫਸਾ ਕੇ ਮਹੀਨਿਆਂ ਬੱਧੀ ਜੇਲ੍ਹ ਵਿੱਚ ਰੱਖਿਆ ਜਾਵੇਗਾ। ਇਸ ਵਾਰ ਸੁਤੰਤਰਤਾ ਦਿਵਸ ‘ਤੇ ਅਸੀਂ ਇਹ ਪ੍ਰਣ ਲੈਂਦੇ ਹਾਂ ਕਿ ਅਸੀਂ ਆਪਣੇ ਆਖਰੀ ਸਾਹ ਤੱਕ ਤਾਨਾਸ਼ਾਹੀ ਵਿਰੁੱਧ ਲੜਦੇ ਰਹਾਂਗੇ।