ਜੂਨੀਅਰ ਰੈਜੀਡੈਂਟ ਡਾਕਟਰ ਦੇ ਸਮੂਹਕ ਜਿਨਸੀ ਸੋਸ਼ਨ ਅਤੇ ਹੱਤਿਆ ਕਰਨ ਦੇ ਦੋਸ਼ੀਆਂ ਦੀ ਬਿਨਾਂ ਕਿਸੇ ਦੇਰੀ ਦੀ ਪਹਿਚਾਣ ਕੀਤੀ ਜਾਵੇ

ਚੰਡੀਗੜ੍ਹ ਪੰਜਾਬ

ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨ ਉਪਰ ਹਮਲਾ ਕਰਨ ਵਾਲੇ ਗੁੰਡੇ ਅਨਸਰਾਂ ਦੀ ਪੁਸ਼ਤਪਨਾਹੀ ਬੰਦ ਕੀਤੀ ਜਾਵੇ

ਫ਼ਤਿਹਗੜ੍ਹ ਸਾਹਿਬ,16 ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਕਲਕੱਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਪੋਸਟ ਗਰੈਜੂਏਟ ਡਾਕਟਰ ਨਾਲ ਡਿਊਟੀ ਸਮੇਂ ਕੀਤੇ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਸ ਦੇ ਵਿਰੋਧ ਵਿੱਚ ਔਰਤਾਂ ਦੀ ਸੁਰੱਖਿਆ ਲਈ ਪ੍ਰਦਰਸ਼ਨ ਉੱਤੇ 14-15 ਅਗਸਤ ਦੀ ਅੱਧੀ ਰਾਤ ਨੂੰ ਇਸੇ ਹਸਪਤਾਲ ਵਿੱਚ ਗੁੰਡਾ ਅਨਸਰਾਂ ਵੱਲੋਂ ਹਸਪਤਾਲ ਵਿੱਚ ਦਾਖ਼ਲ ਹੋਕੇ ਡਾਕਟਰਾਂ ਦੀ ਕੁੱਟ ਮਾਰ ਅਤੇ ਹਸਪਤਾਲ ਦੀ ਕੀਤੀ ਭੰਨਤੋੜ ਕਰਕੇ ਡਾਕਟਰਾਂ ਨੂੰ ਦਹਿਸ਼ਤਜਦਾ ਕਰਨ ਦੀ ਕਾਰਵਾਈ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਪ੍ਰਿਤਪਾਲ ਸਿੰਘ ਜਨਰਲ ਸਕੱਤਰ ਅਤੇ ਅਮਰਜੀਤ ਸਾਸ਼ਤਰੀ ਪ੍ਰੈਸ ਸਕੱਤਰ ਨੇ ਦੱਸਿਆ ਕਿ 9 ਅਗਸਤ ਦੀ ਰਾਤ ਨੂੰ ਕਲਕੱਤੇ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਡਾਕਟਰ ਜੋ ਲਗਾਤਾਰ 36 ਘੰਟੇ ਦੀ ਡਿਊਟੀ ਦੌਰਾਨ ਹਸਪਤਾਲ ਅੰਦਰਲੇ ਸੈਮੀਨਾਰ ਰੂਮ ਵਿੱਚ ਆਰਾਮ ਕਰ ਰਹੀ ਸੀ, ਨਾਲ ਵਹਿਸ਼ੀਆਨਾ ਢੰਗ ਨਾਲ ਨਾ ਸਿਰਫ ਸਮੂਹਿਕ ਬਲਾਤਕਾਰ ਕੀਤਾ ਗਿਆ ਸਗੋਂ ਅੰਤਾਂ ਦੀ ਬੇਰਹਿਮੀ ਨਾਲ ਉਸਦਾ ਕਤਲ ਵੀ ਕਰ ਦਿੱਤਾ ਗਿਆ। ਕਾਲਜ ਪ੍ਰਸਾਸ਼ਨ ਨੇ ਪਹਿਲਾਂ ਇਸਨੂੰ ਆਤਮਹੱਤਿਆ ਦਾ ਮਾਮਲਾ ਕਹਿਕੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੈਡੀਕਲ ਜਾਂਚ ਵਿੱਚ ਬਲਾਤਕਾਰ ਤੇ ਨਿਰਦਈ ਵਹਿਸ਼ੀਪੁਣੇ ਨਾਲ ਕੀਤੇ ਕਤਲ ਦੇ ਤੱਥ ਸਾਹਮਣੇ ਆਏ ਤਾਂ ਸੰਜੇ ਰਾਏ ਨਾਮ ਦੇ ਦੋਸ਼ੀ ਜੋ ਪੁਲੀਸ ਦਾ ਵਲੰਟੀਅਰ ਦੱਸਿਆ ਜਾ ਰਿਹਾ ਹੈ, ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਸ ਮਾਮਲੇ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਰਾਤ ਦੀ ਡਿਊਟੀ ਸਮੇਂ ਔਰਤ ਡਾਕਟਰਾਂ ਅਤੇ ਨਰਸਾਂ ਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਆਵਾਜ਼ ਉਠਾਈ ਅਤੇ ਇਸ ਘਿਣਾਉਣੇ ਕਾਂਡ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਹਿਚਾਣ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਤਾਂ ਏਮਜ ਅਤੇ ਹੋਰ ਸਰਕਾਰੀ ਸਿਹਤ ਸੰਸਥਾਵਾਂ ਨੇ ਹੜਤਾਲੀ ਡਾਕਟਰਾਂ ਨੂੰ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਅਧਾਰ ‘ਤੇ ਹੜਤਾਲ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਦਿੱਤੀਆਂ। ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 3 ਹੋਰ ਬਾਕੀ ਹਨ। ਬੰਗਾਲ ਸਰਕਾਰ ਨੇ ਇਸ ਕਾਲਜ ਦੇ ਪ੍ਰਿੰਸੀਪਲ ਨੂੰ ਕਿਸੇ ਦੂਸਰੇ ਕਾਲਜ ਵਿੱਚ ਬਦਲ ਕੇ ਵੀ ਉਸ ਸਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਿਸ ‘ਚ ਇਹ ਜ਼ਾਹਰ ਹੋਇਆ ਕਿ ਦੋਸ਼ੀ ਸੰਜੇ ਰਾਏ ਦੇ ਪ੍ਰਿੰਸੀਪਲ ਨਾਲ ਨਿੱਘੇ ਰਿਸ਼ਤੇ ਹਨ।
ਕੋਲਕਾਤਾ ਤੇ ਬੰਗਾਲ ਵਿੱਚ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ‘ਰੀਕਲੇਮ ਦਾ ਨਾਈਟ‘ ਮੁਹਿੰਮ ਤਹਿਤ ਔਰਤਾਂ ਦਾ ਇੱਕ ਵਿਸ਼ਾਲ ਪ੍ਰਦਰਸ਼ਨ 14-15 ਅਗਸਤ ਦੀ ਅੱਧੀ ਰਾਤ ਗਲੀਆਂ ਬਜ਼ਾਰਾਂ ਵਿੱਚ ਨਿੱਕਲਿਆ। ਜਿਨ੍ਹਾਂ ਦੀ ਮੰਗ ਸੀ ਕਿ ਔਰਤਾਂ ਨਾਲ ਅਜਿਹੇ ਘਿਣਾਉਣੇ ਅਪਰਾਧ ਤੋਂ ਮੁਕਤੀ ਕਦੋਂ ਮਿਲੇਗੀ ਤਾਂ ਆਰਜੀ ਕਰ ਕਾਲਜ ਵਿੱਚ ਹਿੰਸਕ ਹਜ਼ੂਮ ਉਦੋਂ ਅੱਧੀ ਰਾਤ ਦਾਖ਼ਲ ਹੋਇਆ ਜਦੋਂ ਕਾਲਜ ਦੇ ਡਾਕਟਰ, ਨਰਸਾਂ ਅਤੇ ਔਰਤ ਕਰਮਚਾਰੀ ਇਸ ਰੋਸ ਪ੍ਰਰਦਰਸ਼ਨ ਦੀ ਤਿਆਰੀ ਕਰ ਰਹੇ ਸਨ। ਰਾਜਨੀਤੀ ਤੋਂ ਪ੍ਰੇਰਤ ਇਸ ਹਿੰਸਕ ਹਜ਼ੂਮ ਨੇ ਕਾਲਜ ਦੇ ਐਮਰਜੈਂਸੀ ਵਾਰਡ, ਗਾਇਨੀ, ਈਐਨਟੀ ਵਾਰਡ ਦੀ ਭੰਨ ਤੋੜ ਕੀਤੀ, ਡਾਕਟਰਾਂ, ਕਰਮਚਾਰੀਆਂ ਮਰੀਜਾਂ ਤੇ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਵੀ ਕੁੱਟਿਆ ਤੇ ਇਸ ਅੰਦਰਲੇ ਸਮਾਨ ਨੂੰ ਭੰਨਿਆ ਤੋੜਿਆ। ਇਸ ਹਿੰਸਕ ਭੀੜ ਨੇ ਘਟਨਾ ਵਾਲੇ ਸੈਮੀਨਾਰ ਰੂਮ ਦੀ ਭੰਨ ਤੋੜ ਕੀਤੀ, ਕਾਰਾਂ ਤੇ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ, ਨਰਸਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ। ਜਦੋਂ ਕਿ ਪੁਲਸ ਮੂਕ ਦਰਸ਼ਕ ਬਣੀ ਰਹੀ। ਹਿੰਸਕ ਹਜ਼ੂਮ ਦਾ ਮਕਸਦ ਘਟਨਾ ਦੇ ਤੱਥਾਂ ਨੂੰ ਮਿਟਾਉਣਾ ਸੀ।
ਅਜਿਹੀ ਹੀ ਇੱਕ ਘਟਨਾ ਵਿੱਚ ਉਤਰਾ ਖੰਡ ਦੇ ਉਧਮ ਸਿੰਘ ਨਗਰ ਦੇ ਰੁਦਰਪੁਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ, ਡਿਊਟੀ ਦੇ ਕੇ ਆਪਣੇ ਘਰ ਜਾ ਰਹੀ ਨਰਸ ਦੀ ਕੁੱਟ ਮਾਰ ਕਰਕੇ ਸਕਾਰਫ ਨਾਲ ਗਲਾ ਘੁੱਟਣ ਪਿੱਛੋਂ ਉਸ ਨਾਲ ਦੋਸ਼ੀ ਵੱਲੋਂ ਬਲਾਤਕਾਰ ਕੀਤਾ ਗਿਆ। ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਨਾਬਾਲਗ ਵਿਦਿਆਰਥਣ ਨੂੰ ਘਰਦਿਆਂ ਤੋਂ ਖੋਹ ਕੇ ਉਸ ਨਾਲ ਸਮਹੂਕ ਬਲਾਤਕਾਰ ਕੀਤਾ ਗਿਆ ਅਤੇ ਹੈਵਾਨੀਅਤ ਨਾਲ ਉਸ ਦੀਆਂ ਛਾਤੀਆਂ ਕੱਟ ਕੇ ਹੱਤਿਆ ਕਰ ਦਿੱਤੀ ਗਈ ਹੈ।
ਦੇਸ਼ ਭਰ ਵਿੱਚ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਵਿਸ਼ੇਸ਼ ਕਰਕੇ ਰਾਤ ਦੀ ਡਿਉਟੀ ਸਮੇਂ ਸੁਰੱਖਿਆ ਨੂੰ ਲੈ ਕੇ ਸੁਆਲ ਖੜੇ ਹੋਏ ਹਨ। ਭਾਰਤ ਵਿੱਚ ਜੇ ਉਨ੍ਹਾ ਸੰਸਥਾਵਾਂ ਜੋ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਲਈ ਭੂਮਿਕਾ ਨਿਭਾ ਰਹੀਆਂ ਹਨ, ਵਿੱਚ ਡਾਕਟਰ ਨਰਸਾਂ ਸੁਰੱਖਿਅਤ ਨਹੀਂ ਤਾਂ ਪੇਂਡੂ ਤੇ ਹੇਠਲੇ ਪੱਧਰ ਤੇ ਸਥਿਤੀ ਕਿੰਨੀ ਭਿਆਨਕ ਹੋਵੇਗੀ। ਅਜਿਹੇ ਸਮਿਆਂ ਸਰਕਾਰ ਨੇ ਔਰਤਾਂ ਦੀ ਰਾਤ ਦੀ ਡਿਉਟੀ ਉੱਤੇ ਲਗਾਉਣ ਦਾ ਅਧਿਕਾਰ ਮਾਲਕਾਂ ਨੂੰ ਦਿੰਦਿਆਂ ਔਰਤਾਂ ਦੀ ਸੁਰੱਖਿਆ ਵੀ ਮਾਲਕਾਂ ਉੱਤੇ ਹੀ ਛੱਡ ਦਿੱਤੀ ਹੈ।
ਸਭਾ ਨੇ ਘਟਨਾ ਪਿੱਛੋਂ ਵੱਖ ਵੱਖ ਰਾਜਸੀ ਪਾਰਟੀਆਂ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ, ਭਾਜਪਾ ਅਤੇ ਤ੍ਰਿਨਮੂਲ ਕਾਂਗਰਸ ਬੰਗਾਲ ਵੱਲੋਂ ਕੀਤੀ ਜਾ ਰਹੀ ਬਿਆਨ ਬਾਜੀ ਦਾ ਸਖ਼ਤ ਨੋਟਿਸ ਲੈਂਦਿਆਂ ਅਤੇ ਇਸ ਨੂੰ ਸਮੱਸਿਆ ਦੇ ਹੱਲ ਲੱਭਣ ਦੀ ਥਾਂ ਰਾਜਸੀ ਖੇਡ ਖੇਡਣ ਤੇ ਚਿੰਤਾ ਕਰਦੀ ਹੈ ਅਤੇ ਦੇਸ਼ ਦੇ ਲੋਕਾਂ ਨੂੰ ਚੌਕਸ ਕਰਦੀ ਹੈ ਕਿ ਬਲਾਤਕਾਰੀਆਂ ਦੀ ਪਨਾਹਗਾਰ ਰਾਜਨੀਤਕ ਪਾਰਟੀਆਂ ਅਤੇ ਸੁਰੱਖਿਆ ਪ੍ਰਸਾਸ਼ਨ ਤੋਂ ਔਰਤਾਂ ਦੀ ਸਰੱਖਿਆ ਕੀ ਗਰੰਟੀ ਕਰ ਸਕਦੀਆਂ ਹਨ।
ਸਭਾ ਮੰਗ ਕਰਦੀ ਹੈ ਕੰਮਕਾਜੀ ਔਰਤਾਂ ਦੀ ਹਰ ਅਦਾਰੇ ਵਿੱਚ ਸਰੱਖਿਆ ਯਕੀਨੀ ਬਣਾਈ ਜਾਵੇ, ਹਸਪਤਾਲਾਂ ਵਿੱਚ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ, ਦੋਸ਼ੀਆਂ ਨੂੰ ਪਾਰਦਰਸ਼ੀ ਢੰਗ ਨਾਲ ਚਿੰਨਤ ਕਰਕੇ ਉਨ੍ਹਾਂ ਉੱਤੇ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਦਿਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸਭਾ ਜਮਹੂਰੀ ਹਲਕਿਆਂ ਨੂੰ ਇਸ ਘਟਨਾ ਤੇ ਘਟਨਾ ਪਿਛੋਂ ਕੀਤੀ ਜਾ ਰਹੀ ਸੌੜੀ ਰਾਜਨੀਤੀ ਤੋਂ ਪ੍ਰੇਰਿਤ ਵਰਤਾਰਿਆਂ ਦਾ ਪਰਦਾਚਾਕ ਕਰਨ ਅਤੇ ਪੀੜਤਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਦਾ ਸੱਦਾ ਦਿੰਦੀ ਹੈ।

Leave a Reply

Your email address will not be published. Required fields are marked *