ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਸਕੂਲਾਂ ਦੀ ਮਰਜਿੰਗ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਠੋਸ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਡੀ ਸੀ / ਡੀ ਈ ਓ ਦਫ਼ਤਰ ਦੇ ਘਿਰਾਓ ਦਾ ਐਲਾਨ
ਫ਼ਤਹਿਗੜ੍ਹ ਸਾਹਿਬ 16 ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੋਕ੍ਰੈਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਅਤੇ ਭਰਾਤਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਮਾਧੋਪੁਰ ਵਿਖੇ ਕੀਤੀ ਗਈ, ਅੱਜ ਦੀ ਮੀਟਿੰਗ ਵਿਚ ਡੀ ਟੀ ਐਫ ਦੀ ਜਿਲ੍ਹਾ ਕਮੇਟੀ ਦੇ ਆਗੂਆਂ ਲਖਵਿੰਦਰ ਸਿੰਘ, ਜੋਸ਼ੀਲ ਤਿਵਾੜੀ,ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੋਂ ਇਲਾਵਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮਲਾਗਰ ਸਿੰਘ ਖਮਾਣੋ,ਟੈਕਨੀਕਲ ਐਂਡ ਮਕੈਨੀਕਲ ਸੈਨੀਟੇਸ਼ਨ ਯੂਨੀਅਨ ਵੱਲੋਂ ਦੀਦਾਰ ਸਿੰਘ ਢਿਲੋ,ਪੁਰਾਣੀ ਪੈਨਸ਼ਨ ਪੁਰਾਣੀ ਫਰੰਟ ਵੱਲੋਂ ਜਗਜੀਤ ਸਿੰਘ ਜਟਾਣਾ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਦਵਿੰਦਰ ਸਿੰਘ ਪੂਨੀਆ ਨੇ ਸ਼ਮੂਲੀਅਤ ਕੀਤੀ।
ਡੀ ਟੀ ਐਫ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੀਂ ਸਿੱਖਿਆ ਨੀਤੀ 2020 ਤਹਿਤ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਕਰਨ ਦੇ ਹੁਕਮਾਂ ਅਨੁਸਾਰ ਪਿਛਲੇ ਦਿਨਾਂ ਦੌਰਾਨ ਜ਼ਿਲ੍ਹੇ ਦੇ ਲਗਭਗ 113 ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦੇ ਇਨਫਰਾਸਟਰਕਚਰ ਦਾ ਸਰਵੇ ਕਰਵਾਇਆ ਗਿਆ ਹੈ ਅਤੇ ਸਕੂਲਾਂ ਦੀ ਮਰਜਿੰਗ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਈ ਥਾਂਵਾਂ ਤੇ ਜਬਰਦਸਤੀ ਅਧਿਆਪਕਾਂ ਤੋਂ ਸਹਿਮਤੀ ਦੇ ਮਤੇ ਪਵਾਏ ਗਏ ਹਨ। ਜਿਲੇ ਦੇ ਅਧਿਆਪਕਾਂ ਵੱਲੋਂ ਇਸ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਡੈਮੋਕਰੇਟਿਕ ਟੀਚਰਜ ਫਰੰਟ ਦੇ ਆਗੂਆਂ ਰਾਜਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਸਕੂਲਾਂ ਨੂੰ ਮਰਜ ਕਰਨ ਦੀ ਯੋਜਨਾ ਅਧਿਆਪਕ ਵਿਰੋਧੀ ਅਤੇ ਸਿੱਖਿਆ ਵਿਰੋਧੀ ਹੈ। ਪ੍ਰਾਇਮਰੀ ਅਤੇ ਸੈਕੰਡਰੀ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਜ਼ਰੂਰਤਾਂ ਬਿਲਕੁਲ ਵੱਖਰੀਆਂ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀ ਸਿਖਲਾਈ ਵੀ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਹੀ ਦਿੱਤੀ ਗਈ ਹੈ। ਸਕੂਲ ਮਰਜਿੰਗ ਦਾ ਸਿੱਧਾ ਅਸਰ ਸਕੂਲ ਦੀ ਗੁਣਾਤਮਕ ਸਿੱਖਿਆ ਤੇ ਪਵੇਗਾ।ਸਰਕਾਰ ਸਿਰਫ ਭਰਤੀ ਤੋਂ ਬਚਣ ਲਈ ਡੰਗ ਟਪਾਉਣ ਦੀ ਕੋਸ਼ਸ਼ ਕਰ ਰਹੀ ਹੈ ਅਤੇ ਪ੍ਰਾਇਮਰੀ ਕਾਡਰ ਦੀਆਂ ਪ੍ਰਬੰਧਕੀ ਪੋਸਟਾਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬੀ ਪੀ ਈ ਓ ਦੀਆਂ ਪੋਸਟਾਂ ਖਤਮ ਹੋਣ ਦਾ ਖ਼ਦਸ਼ਾ ਹੈ।ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਸਕੂਲਾਂ ਨੂੰ ਮਰਜ ਕਰਕੇ ਕੰਪਲੈਕਸ ਸਕੂਲ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਅਨੁਸਾਰ ਸਕੂਲਾਂ ਦੀ ਗਿਣਤੀ ਘਟਾਉਣ ਦੀ ਤਜਵੀਜ਼ ਹੈ ਅਤੇ ਪੰਜਾਬ ਸਰਕਾਰ ਕੇਂਦਰ ਦੀਆਂ ਸਿੱਖਿਆ ਵਿਰੋਧੀ ਨੀਤੀ ਨੂੰ ਲਾਗੂ ਕਰਨ ਜਾ ਰਹੀ ਹੈ।
ਡੀ ਟੀ ਐਫ ਦੇ ਆਗੂਆਂ ਅਮਰਿੰਦਰ ਸਿੰਘ, ਦਲਵੀਰ ਸੰਧੂ ਅਤੇ ਗਗਨਦੀਪ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਬਲਾਕ ਜਖਵਾਲੀ ਦੇ ਸ਼ਿਕਾਇਤ ਕਰਤਾ ਅਧਿਆਪਕਾਂ ਖ਼ਿਲਾਫ਼ ਬੀ ਪੀ ਈ ਓ ਜਖਵਾਲੀ ਵੱਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਨੂੰ ਰੱਦ ਕੀਤਾ ਜਾਵੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਬੀ ਪੀ ਈ ਓ ਜਖਵਾਲੀ ਦੀ ਰੈਗੁਲਰ ਜਾਂਚ ਫੌਰੀ ਮੁਕੰਮਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜ਼ਿਲ੍ਹੇ ਤੋਂ ਬਾਹਰ ਬਦਲੀ ਕੀਤੀ ਜਾਵੇ। ਇੰਨਾਂ ਦੋਨੋਂ ਮਾਮਲਿਆਂ ਨੂੰ ਲੈ ਕੇ ਮਿਤੀ 5 ਸਤੰਬਰ ਅਧਿਆਪਕ ਦਿਵਸ ਵਾਲੇ ਦਿਨ ਡੀ. ਸੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਰਾਜਵਿੰਦਰ ਸਿੰਘ,ਅਮਰਿੰਦਰ ਸਿੰਘ ਮਲੌਦ, ਜਤਿੰਦਰ ਸਿੰਘ, ਸੁਖਜਿੰਦਰ ਸਿੰਘ, ਨਵਜੋਤ ਸਿੰਘ, ਦਲਵੀਰ ਸੰਧੂ, ਗੁਲਸ਼ਨ ਕੁਮਾਰ, ਬਲਜਿੰਦਰ ਘਈ, ਅਮਰਜੀਤ ਵਰਮਾਂ, ਗਗਨਦੀਪ ਸਿੰਘ,ਚਰਨ ਸਿੰਘ, ਹਰਪਾਲ ਸਿੰਘ, ਜਸਵਿੰਦਰ ਸਿੰਘ, ਤਰਲੋਚਨ ਸਿੰਘ, ਸੁਖਰਾਮ ਕਾਲੇਵਾਲ ਆਦਿ ਸਾਥੀ ਹਾਜ਼ਰ ਰਹੇ।