ਖੰਨਾ ਦੇ ਮਸ਼ਹੂਰ ਮੰਦਰ ‘ਚੋਂ 20 ਲੱਖ ਰੁਪਏ ਦਾ ਸਾਮਾਨ ਚੋਰੀ, ਮੂਰਤੀਆਂ ਕੀਤੀਆਂ ਖੰਡਿਤ
ਖੰਨਾ, 15 ਅਗਸਤ,ਬੋਲੇ ਪੰਜਾਬ ਬਿਊਰੋ :
ਅੱਜ ਵੀਰਵਾਰ ਤੜਕੇ ਕਰੀਬ 3.30 ਵਜੇ ਖੰਨਾ ਦੇ ਮਸ਼ਹੂਰ ਸ਼ਿਵਪੁਰੀ ਮੰਦਰ ‘ਚ ਚੋਰਾਂ ਨੇ ਦਾਖਲ ਹੋ ਕੇ 20 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਦੋ ਨਕਾਬਪੋਸ਼ ਚੋਰਾਂ ਨੇ ਮੂਰਤੀਆਂ ‘ਤੇ ਲੱਗੇ ਸੋਨੇ-ਚਾਂਦੀ ਦੇ ਮੁਕਟ, ਗੱਲਿਆਂ ‘ਚ ਰੱਖੀ ਨਕਦੀ ਅਤੇ ਸ਼ਿਵਲਿੰਗ ‘ਤੇ ਲਗਾਈ ਚਾਂਦੀ ਦੀ ਗਾਗਰ ਚੋਰੀ ਕਰ ਲਈ। ਚੋਰ ਹਥੌੜੇ ਅਤੇ ਸੱਬਲ ਦੀ ਮਦਦ ਨਾਲ ਸ਼ਿਵਲਿੰਗ ਨੂੰ ਬੁਰੀ ਤਰ੍ਹਾਂ ਤੋੜ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਹਿੰਦੂ ਸੰਗਠਨਾਂ ‘ਚ ਗੁੱਸਾ ਫੈਲ ਗਿਆ।
ਚੋਰੀ ਦੀ ਘਟਨਾ ਮੰਦਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ, ਜਿਸ ‘ਚ ਦੋ ਵਿਅਕਤੀ ਮੰਦਰ ‘ਚ ਦਾਖਲ ਹੋ ਕੇ ਸਿੱਧੇ ਸ਼ਿਵਲਿੰਗ ਵੱਲ ਚਲੇ ਗਏ। ਚੋਰ ਆਪਣੇ ਨਾਲ ਚਾਬੀਆਂ ਵੀ ਲੈ ਕੇ ਆਏ ਸਨ, ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਸ਼ੀਸ਼ੇ ਤੋੜਨ ਦੀ ਬਜਾਏ ਆਸਾਨੀ ਨਾਲ ਅਲਮਾਰੀਆਂ ਖੋਲ੍ਹ ਕੇ ਸਾਮਾਨ ਚੋਰੀ ਕਰ ਲਿਆ।
ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਸ਼ਹਿਰ ਦੇ ਬਾਜ਼ਾਰ ਬੰਦ ਕਰਵਾ ਕੇ ਰੋਸ ਪ੍ਰਗਟ ਕਰਦੇ ਹੋਏ ਧਰਨਾ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਮੰਦਰ ਤੋਂ ਇਲਾਵਾ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।