ਸਕੂਲ ਮੁਖੀਆਂ ਦੀਆਂ ਬਦਲੀਆਂ ਨੂੰ ਵੀ ਬਦਲੀ ਨੀਤੀ ਤਹਿਤ ਲਿਆਂਦਾ ਜਾਵੇ : ਡੀ ਟੀ ਐੱਫ
ਚੰਡੀਗੜ੍ਹ 15 ਅਗਸਤ,ਬੋਲੇ ਪੰਜਾਬ ਬਿਊਰੋ:
ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਦੁਆਰਾ ਸਕੂਲ ਮੁਖੀਆਂ ਦੀਆਂ ਜਬਰੀ ਕੀਤੀਆਂ ਗਈਆਂ ਬਦਲੀਆਂ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਬਦਲਾਅ ਵਾਲੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਾਂਗ ਸਕੂਲ ਮੁਖੀਆਂ ਦੀਆਂ ਬਦਲੀਆਂ ਵਿੱਚ ਰਾਜਨੀਤੀ ਦਖਲਅੰਦਾਜੀ ਨੂੰ ਜਾਰੀ ਰੱਖਿਆ ਹੈ। ਜ਼ਿਕਰਯੋਗ ਹੈ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈ) ਪੰਜਾਬ ਵੱਲੋਂ 25 ਹੈੱਡਮਾਸਟਰਾਂ/ਹੈੱਡ ਮਿਸਟ੍ਰੈਸਾਂ ਦੀਆਂ ਬਦਲੀਆਂ ਕੀਤੀਆਂ ਸਨ ਜਿੰਨ੍ਹਾਂ ਵਿੱਚੋਂ ਕੁਝ ਬਦਲੀਆਂ ਜ਼ਬਰੀ ਅਧਾਰ ਤੇ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਡੀ ਟੀ ਐੱਫ ਦੇ ਆਗੂਆਂ ਨੇ ਦੱਸਿਆ ਕਿ ਰਾਜਨੀਤਿਕ ਦਖਲਅੰਦਾਜੀ ਕਰਦਿਆਂ ਸਕੂਲਾਂ ਵਿੱਚ ਕੰਮ ਕਰ ਰਹੇ ਕੁਝ ਸਕੂਲ ਮੁਖੀਆਂ ਦੀ ਦੁਰੇਡੇ ਸਕੂਲਾਂ ਵਿੱਚ ਜ਼ਬਰੀ ਬਦਲੀ ਕੀਤੀ ਗਈ ਹੈ, ਜਿਹੜੀ ਉਨ੍ਹਾਂ ਸਕੂਲ ਮੁਖੀਆਂ ਨੂੰ ਸਜ਼ਾ ਵਾਂਗ ਮਹਿਸੂਸ ਹੋ ਰਹੀ ਹੈ। ਇੰਨ੍ਹਾਂ ਵਿੱਚੋਂ ਇੱਕ ਹੈੱਡਮਾਸਟਰ ਤਾਂ ਸਿਰਫ ਤਿੰਨ ਮਹੀਨੇ ਪਹਿਲਾਂ ਹੀ ਬਦਲੀ ਕਰਵਾ ਕੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਆਇਆ ਸੀ ਜਿਸਨੂੰ ਹੁਣ ਫਿਰੋਜ਼ਪੁਰ ਦੇ ਦੁਰੇਡੇ ਸਕੂਲ ਵਿੱਚ ਬਦਲਿਆ ਗਿਆ ਹੈ। ਅਜਿਹਾ ਕਰਦਿਆਂ ਵਿਭਾਗ ਨੇ ਬਿਨਾਂ ਕਿਸੇ ਨੀਤੀ ਅਪਣਾਏ ਅਤੇ ਬਿਨਾਂ ਕੋਈ ਬਿਨੈ ਪੱਤਰ ਲਏ ਸਕੂਲ ਮੁਖੀਆਂ ਦੀਆਂ ਬਦਲੀਆਂ ਕੀਤੀਆਂ ਹਨ। ਇੰਨ੍ਹਾਂ ਹੁਕਮਾਂ ਰਾਹੀਂ ਸਕੂਲ ਮੁਖੀਆਂ ਨੂੰ ਆਪਣੇ ਪਿਛਲੇ ਸਕੂਲ ਤੋਂ ਫਾਰਗ ਮੰਨਦੇ ਹੋਏ ਨਵੇਂ ਸਕੂਲ ਵਿੱਚ ਤੁਰੰਤ ਹਾਜ਼ਰ ਹੋਣ ਹਦਾਇਤ ਕੀਤੀ ਹੈ।
ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਬਿਨਾਂ ਕਿਸੇ ਨੀਤੀ ਦੇ ਬਦਲੀਆਂ ਕਰਨ ਦੇ ਅਜਿਹੇ ਢੰਗ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਮੁਖੀਆਂ ਦੀਆਂ ਬਦਲੀਆਂ ਸਬੰਧੀ ਵੀ ਅਧਿਆਪਕਾਂ ਦੀਆਂ ਬਦਲੀਆਂ ਵਾਂਗ ਹੀ ਨਿਯਮ ਬਣਾ ਕੇ ਪਾਰਦਰਸ਼ੀ ਢੰਗ ਨਾਲ ਆਨ ਲਾਈਨ ਪੋਰਟਲ ਰਾਹੀਂ ਬਦਲੀਆਂ ਕੀਤੀਆਂ ਜਾਣ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਜਿੰਨ੍ਹਾਂ ਸਕੂਲ ਮੁਖੀਆਂ ਦੀ ਬਿਨਾਂ ਕਿਸੇ ਠੋਸ ਕਾਰਣ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਬਦਲੀ ਕੀਤੀ ਗਈ ਉਹ ਬਦਲੀਆਂ ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਜਾਣ।