ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਮਾਨਸਾ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ
ਮਾਨਸਾ, 15 ਅਗਸਤ ,ਬੋਲੇ ਪੰਜਾਬ ਬਿਊਰੋ :
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਜਥੇਬੰਦੀ ਨੇ ਪੰਜਾਬ ਪੱਧਰ ਸੱਦੇ ਤਹਿਤ ਮਾਨਸਾ ਵਿਖੇ 15 ਅਗਸਤ ਦੇ ਆਜ਼ਾਦੀ ਦਿਵਸ ‘ਤੇ ਝੰਡਾ ਲਹਿਰਾਉਣ ਆਏ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵਿਰੋਧ ਦੇ ’ਚ ਕਾਲੀਆਂ ਝੰਡੀਆਂ ਨਾਲ ਰੋਹ ਭਰਪੂਰ ਮੁਜ਼ਾਹਰਾ ਕੀਤਾ। ਕਿਸਾਨ ਪਿੰਡ ਖਿਆਲਾ ਕਲਾਂ ਦੀ ਅਨਾਜ ਮੰਡੀ ’ਚ ਇਕੱਠੇ ਹੋਏ, ਜਿਥੇ ਭਾਰੀ ਪੁਲਿਸ ਫੋਰਸ ਨੇ ਉਨਾਂ ਨੂੰ ਰੋਕ ਲਿਆ ਤਾਂ ਕਿਸਾਨਾਂ ਨੇ ਮਾਨਸਾ ਕੈਂਚੀਆਂ ਤੱਕ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਪੈਦਲ ਮਾਰਚ ਕੀਤਾ ਅਤੇ ਚੌਂਕ ਵਿੱਚ ਖੜ੍ਹਕੇ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਮੰਗ ਕਰ ਰਹੇ ਸਨ ਕਿ ਪਿੰਡ ਕੁਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ ਅਤੇ ਸਿਆਸੀ ਛੱਤਰੀ ਹੇਠ ਪਲ਼ ਰਹੀ ਗੁੰਡਾ ਢਾਣੀ ਨੂੰ ਗ੍ਰਿਫਤਾਰ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਪਿਛਲੇ ਡੇਢ ਸਾਲ ਤੋਂ ਜਥੇਬੰਦੀ ਕੁਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਪੰਚਾਇਤੀ ਵਿਭਾਗ ਅਤੇ ਸਰਕਾਰ ਵੱਲੋਂ ਕੀਤੇ ਹੋਏ ਹਮਲੇ ਦਾ ਵਿਰੋਧ ਕਰ ਰਹੀ ਹੈ। ਨਾਲ ਹੀ ਜ਼ਮੀਨ ਉੱਤੇ ਜੋ ਪਿਛਲੇ 60-65 ਸਾਲ ਤੋਂ ਕਾਬਜ਼ ਅਤੇ ਕਾਸ਼ਤਕਾਰ ਹਨ, ਉਹਨਾਂ ਨੂੰ ਜ਼ਮੀਨ ਤੋਂ ਜੋ ਬੇਦਖਲ ਕੀਤਾ ਜਾ ਰਿਹਾ ਹੈ ਜਿਸ ਖਿਲਾਫ ਜਥੇਬੰਦੀ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਕੁੱਝ ਪੁਸ਼ਤ ਪਨਾਹੀ ਵਾਲੇ ਗੁੰਡਾ ਗਿਰੋਹ ਵੱਲੋਂ ਕਿਸਾਨਾਂ ਦੇ ਉੱਤੇ ਵਾਰ ਵਾਰ ਹਮਲੇ ਵੀ ਕੀਤੇ ਗਏ ਜਿਸ ਦੇ ਕਾਰਨ ਉਸ ਗੁੰਡਾ ਢਾਣੀ ਦੇ ’ਤੇ 307 ਦਾ ਪਰਚਾ ਦਰਜ ਕੀਤਾ ਹੋਇਆ ਹੈ ਪ੍ਰੰਤੂ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਗੁੰਡਾਗਰੋਹ ਅਤੇ ਉਸਦੀ ਢਾਣੀ ਦੀ ਸਿਆਸੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ ਅਤੇ ਉਲਟਾ ਕਿਸਾਨਾਂ ਦੇ ਉੱਤੇ ਝੂਠੇ ਕੇਸ ਪਾਏ ਜਾ ਰਹੇ ਹਨ। ਅੱਜ ਪੰਜਾਬ ਪੱਧਰ ਦੇ ਸੱਦੇ ਉੱਤੇ ਸਾਰੇ ਜਿਲ੍ਹਿਆਂ ਦੇ ਵਿੱਚ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਕਿਯੂ (ਏਕਤਾ) ਡਕੌਂਦਾ ਧਨੇਰ ਵੱਲੋਂ ਇਹ ਅਹਿਦ ਕੀਤਾ ਗਿਆ ਕਿ ਜਦੋਂ ਤੱਕ ਵੀ ਸੰਘਰਸ਼ ਲੜਨਾ ਪਿਆ ਲੜਿਆ ਜਾਵੇਗਾ ਅਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਬਾਇਆ ਜਾਵੇਗਾ।