ਕੋਚਾਂ ਅਤੇ ਸਹਾਇਕ ਸਟਾਫ਼ ਦੀ ਲਾਪਰਵਾਹੀ ਕਾਰਨ ਵਿਨੇਸ਼ ਫ਼ੋਗਾਟ ਮੈਡਲ ਤੋਂ ਖੁੰਝੀ: ਭਗਵੰਤ ਮਾਨ
ਲੁਧਿਆਣਾ, 15 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਪੈਰਿਸ ਉਲੰਪਿਕਸ ਵਿੱਚ ਭਾਰਤ ਦੀ ਸੋਨ ਤਮਗੇ ਦੀ ਉਮੀਦ ਅਤੇ ਵਿਸ਼ਵ-ਪੱਧਰੀ ਪਹਿਲਵਾਨ ਵਿਨੇਸ਼ ਫ਼ੋਗਾਟ ਦੇ ਖ਼ਾਲੀ ਹੱਥ ਪਰਤਣ ’ਤੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਹੈ ਕਿ ਵਿਨੇਸ਼ ਫ਼ੋਗਾਟ ਕੋਚਾਂ ਅਤੇ ਮਾਹਿਰਾਂ ਦੀ ਅਣਗਹਿਲੀ ਕਾਰਨ ਪੈਰਿਸ ਉਲੰਪਿਕ ਵਿੱਚ ਤਗ਼ਮਾ ਜਿੱਤਣ ਦੇ ਇਤਿਹਾਸਕ ਪਲ ਤੋਂ ਖੁੰਝ ਗਈ।
ਮੁੱਖ ਮੰਤਰੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂਕਿਹਾ ਕਿ ਕੋਚਾਂ ਅਤੇ ਸਟਾਫ਼ ਦਾ ਫ਼ਰਜ਼ ਬਣਦਾ ਹੈ ਕਿ ਉਹ ਪਹਿਲਵਾਨਾਂ ਦੇ ਭਾਰ ਨੂੰ ਨਿਰਧਾਰਤ ਨਿਯਮਾਂ ਤਹਿਤ ਰੱਖਣ ਕਿਉਂਕਿ ਇਸ ਕੰਮ ਲਈ ਉਨ੍ਹਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਮੋਟੀਆਂ ਤਨਖ਼ਾਹਾਂ ਮਿਲਦੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਗੰਭੀਰ ਕੁਤਾਹੀ ਹੋਈ ਹੈ, ਜਿਸ ਨੇ ਲੱਖਾਂ ਖੇਡ ਪ੍ਰੇਮੀਆਂ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ।