ਬੀਐਸਐਫ ਦੇ ਜਵਾਨਾਂ ਨੇ ਸਕੂਲੀ ਬੱਚਿਆਂ ਨਾਲ ਕੱਢਿਆ ਪੈਦਲ ਤਿਰੰਗਾ ਮਾਰਚ
ਦੀਨਾਨਗਰ, 15 ਅਗਸਤ,ਬੋਲੇ ਪੰਜਾਬ ਬਿਊਰੋ :
ਸਰਹੱਦੀ ਖੇਤਰ ਦੇ ਅੰਦਰ ਬੀ.ਓ.ਪੀ.ਆਦੀਆ ਦੇ ਕੰਪਨੀ ਕਮਾਂਡਰ ਮਨੋਜ ਸਿੰਘ ਛੀਲਵਾਲ, ਸਹਾਇਕ ਕਮਾਂਡੈਂਟ ਅਤੇ ਇੰਸਪੈਕਟਰ ਆਜ਼ਾਦ ਖਾਨ ਤੇ 58 ਬਟਾਲੀਅਨ ਸੀ.ਐੱਸ.ਯੂ., ਮਾਧੋਪੁਰ ਪੰਜਾਬ ਦੇ ਜਵਾਨਾਂ ਵੱਲੋਂ ਸਰਹੱਦੀ ਖੇਤਰ ਦੇ ਸਕੂਲਾਂ ਦੇ ਬੱਚਿਆਂ ਸਮੇਤ 15 ਅਗਸਤ ਦੇ ਮੱਦੇਨਜਰ ਸਰਹੱਦੀ ਖੇਤਰ ਦੇ ਅੰਦਰ ਤਿਰੰਗੇ ਨਾਲ ਪੈਦਲ ਮਾਰਚ ਕੱਢਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਦੀ ਲੜੀ ਤਹਿਤ ਇਸ ਪ੍ਰੋਗਰਾਮ ਦੌਰਾਨ ਤਿਰੰਗੇ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਜਵਾਨਾਂ ਨੂੰ ਇਕਜੁੱਟ ਕਰਨ ਦੀ ਮੁਹਿੰਮ ਤਹਿਤ ਸਰਹੱਦੀ ਚੌਕੀ ਦੇ ਜਵਾਨਾਂ ਅਤੇ ਸਕੂਲੀ ਬੱਚਿਆਂ ਵਲੋਂ ਤਿਰੰਗੇ ਝੰਡੇ ਲੈ ਕੇ ਵਿਸ਼ਾਲ ਤਿਰੰਗਾ ਪੈਦਲ ਮਾਰਚ ਕੱਢਿਆ ਗਿਆ। ਇਹ ਮਾਰਚ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ਪਿੰਡ ਆਦੀਆਂ ਵਿਖੇ ਸਮਾਪਤ ਹੋਇਆ।
ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਤਾੜੀਆਂ ਮਾਰ ਕੇ ਭਾਰਤ ਮਾਤਾ ਦੀ ਜੈ, ‘ਦੇਸ਼ ਦੀ ਰੱਖਿਆ ਅਸੀਂ ਕਰਾਂਗੇ, ਅਸੀਂ ਕਰਾਂਗੇ’ ਦੇ ਨਾਅਰੇ ਲਗਾਏ ਅਤੇ ਬੱਚਿਆਂ ਅਤੇ ਸੈਨਿਕਾਂ ਦਾ ਹੌਸਲਾ ਵਧਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬੀ.ਐਸ.ਐਫ. ਦੇ ਜਵਾਨ ਹਾਜ਼ਰ ਸਨ।