ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ
ਲੋਹੀਆਂ, 14 ਅਗਸਤ,ਬੋਲੇ ਪੰਜਾਬ ਬਿਊਰੋ :
ਬੀਤੀ ਰਾਤ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਪਾਣੀ ਦਾ ਪੱਧਰ 20 ਹਜ਼ਾਰ ਕਿਊਸਿਕ ਤੱਕ ਪਹੁੰਚ ਗਿਆ ਸੀ ਪਰ ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਪਾਣੀ ਅੱਧਾ ਫੁੱਟ ਘਟ ਚੁੱਕਾ ਸੀ ਅਤੇ ਪਾਣੀ ਦਾ ਪੱਧਰ 18 ਹਜ਼ਾਰ ਤੋਂ 19 ਹਜ਼ਾਰ ਕਿਊਸਿਕ ਦੇ ਵਿਚਕਾਰ ਵਹਿ ਰਿਹਾ ਸੀ।
ਜਾਣਕਾਰੀ ਅਨੁਸਾਰ ਬੀਤੀ ਰਾਤ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਅਚਾਨਕ ਪਾਣੀ ਛੱਡੇ ਜਾਣ ਕਾਰਨ ਪਾਣੀ ਦਾ ਪੱਧਰ 2 ਫੁੱਟ ਵੱਧ ਗਿਆ, ਜਿਸ ਕਾਰਨ ਸਤਲੁਜ ਦਰਿਆ ’ਤੇ ਕੰਮ ਕਰ ਰਹੇ ਸਰਕਾਰੀ ਅਧਿਕਾਰੀਆਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਪਾਣੀ ਦਾ ਪੱਧਰ ਅਚਾਨਕ ਵਧਣ ਦੀ ਸੂਚਨਾ ਦਿੱਤੀ। ਥਾਣਾ ਇੰਚਾਰਜ ਲੋਹੀਆਂ ਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।
ਜਦੋਂ ਸਤਲੁਜ ਦਰਿਆ ‘ਤੇ ਪਹੁੰਚੇ ਤਾਂ ਪਾਣੀ ਦਾ ਪੱਧਰ 18 ਤੋਂ 19 ਹਜ਼ਾਰ ਕਿਊਸਿਕ ਤੱਕ ਡਿੱਗ ਚੁੱਕਾ ਸੀ। ਰੇਲਵੇ ਪੁਲ ਦੇ ਪੱਧਰ ਤੋਂ ਪਾਣੀ 5 ਫੁੱਟ ਹੇਠਾਂ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ।
ਸਤਲੁਜ ਦਰਿਆ ਅਤੇ ਜਲ ਨਿਕਾਸੀ ਵਿਭਾਗ ਵਿੱਚ ਤਾਇਨਾਤ ਅਧਿਕਾਰੀ ਗੌਰਵ ਕੁਮਾਰ ਨੇ ਕਿਹਾ ਕਿ ਫਿਲਹਾਲ ਡਰਨ ਦੀ ਕੋਈ ਗੱਲ ਨਹੀਂ ਹੈ। ਇਸ ਸਮੇਂ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਅਤੇ ਵਹਾਅ ਵਧਣ ਕਾਰਨ ਸਤਲੁਜ ਦਰਿਆ ਵਿਚਲੀ ਗੰਦਗੀ ਦੂਰ ਹੋ ਗਈ ਹੈ। ਹੁਣ ਪਾਣੀ ਸਾਫ਼ ਹੋ ਗਿਆ ਹੈ ਅਤੇ ਪਾਣੀ ਦੀ ਬਦਬੂ ਵੀ ਦੂਰ ਹੋ ਗਈ ਹੈ