ਟੀ.ਡੀ.ਆਈ ਬਿਲਡਰ ਨਾਲ ਮਿਲ ਕੇ ਪੁੱਡਾ ਦੇ ਅਫਸਰਾਂ ਵੱਲੋਂ ਕੀਤੀਆਂ ਬੇਨਿਯਮੀਆਂ ਦੀ ਹੋਵੇ ਉੱਚ ਪੱਧਰੀ ਜਾਂਚ –ਰੈਜੀਡੈਂਸ ਵੈਲਫੇਅਰ ਸੋਸਾਇਟੀ
ਜਾਂਚ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੂੰ ਸੌਂਪਣ ਦੀ ਮੰਗ
ਮੋਹਾਲੀ 13 ਅਗਸਤ ,ਬੋਲੇ ਪੰਜਾਬ ਬਿਊਰੋ:
ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਮੋਹਾਲੀ ਨੇ ਮੁੱਖ ਮੰਤਰੀ ਪੰਜਾਬ ਅਤੇ ਹਾਊਸਿੰਗ ਸੈਕਟਰੀ ਪੰਜਾਬ ਨੂੰ ਚਿੱਠੀਆਂ ਲਿਖ ਕੇ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਰੈਜੀਡੈਂਸ ਵੈਲਫੇਅਰ ਸੋਸਾਇਟੀ ਦੇ ਆਗੂਆਂ ਰਾਜਵਿੰਦਰ ਸਿੰਘ ਪ੍ਰਧਾਨ, ਜਸਵੀਰ ਸਿੰਘ ਗੜਾਂਗ ਉੱਪ ਪ੍ਰਧਾਨ, ਸਾਧੂ ਸਿੰਘ, ਸੁਖਬੀਰ ਸਿੰਘ ਢਿੱਲੋਂ, ਹਰਮਿੰਦਰ ਸਿੰਘ ਸੋਹੀ, ਅਮਰਜੀਤ ਸਿੰਘ ਸੇਖੋਂ, ਅਸ਼ੋਕ ਡੋਗਰਾ, ਐਮ.ਐਲ ਸ਼ਰਮਾ, ਗੁਰਬਚਨ ਸਿੰਘ ਮੰਡੇਰ ਅਤੇ ਮੋਹਿਤ ਮਦਾਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੁੱਡਾ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ, ਟੀ.ਡੀ.ਆਈ ਬਿਲਡਰ ਨਾਲ ਮਿਲ ਕੇ ਪਿਛਲੇ ਲੰਮੇ ਸਮੇਂ ਤੋਂ ਬੇਨਿਯਮੀਆਂ ਕਰਨ ਦੇ ਨਾਲ ਨਾਲ ਜਾਅਲਸ਼ਾਜੀ ਵੀ ਕਰਦੇ ਆ ਰਹੇ ਹਨ। ਜਿਸ ਸਬੰਧੀ ਸੋਸਾਇਟੀ ਵੱਲੋਂ ਉੱਚ ਅਧਿਕਾਰੀਆਂ ਨੂੰ ਸਮੇਂ ਸਮੇਂ ਸਿਰ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਪਰ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਕਰਕੇ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ।
ਬਿਲਡਰ ਵੱਲੋਂ ਪੁੱਡਾ ਦੇ ਅਫਸਰਾਂ ਨਾਲ ਮਿਲ ਕੇ ਕੀਤੀਆਂ ਬੇਨਿਯਮੀਆਂ ਹੋਣ ਦੇ ਬਾਵਜੂਦ ਦੀ ਬਿਲਡਰ ਦੀ ਇਹਨਾਂ ਸੈਕਟਰਾਂ ਵਿੱਚ ਰਹਿੰਦੀ ਇੱਕੋ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਉੱਚ ਅਧਿਕਾਰੀ ਅਤੇ ਕਰਮਚਾਰੀ ਬਜ਼ਿੱਦ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਪੁੱਡਾ ਦੇ ਅਫਸਰਾਂ ਨੇ ਬਿਲਡਰ ਨਾਲ ਮਿਲ ਕੇ ਬਹੁਤ ਸਾਰੀਆਂ ਬੇਨਿਯਮੀਆਂ ਕੀਤੀਆਂ ਹੋਈਆਂ ਹਨ। ਜਿੰਨ੍ਹਾਂ ਵਿੱਚ ਹਾਈ ਸਕੂਲ ਦੀ ਸਾਈਟ 66 KVA ਲਾਈਨ ਦੇ ਥੱਲੇ ਪਾਸ ਕਰ ਦਿੱਤੀ ਗਈ ਹੈ। ਸਾਲ 2014 ਵਿੱਚ ਸਬੰਧਤ ਅਫਸਰਾਂ ਵੱਲੋਂ ਟੈਂਪਰਿੰਗ ਕਰਕੇ ਕਮਿਊਨਿਟੀ ਸੈਂਟਰ/ਕਲੱਬ ਲਿਖ ਕੇ ਬਿਲਡਰ ਨੂੰ ਲਾਭ ਪਹੁੰਚਾਇਆ ਗਿਆ ਹੈ। ਕਮਿਊਨਿਟੀ ਸੈਂਟਰ ਲਈ ਰਾਖਵੀ ਜਗ੍ਹਾ ਤੇ ਕਲੱਬ ਦਾ ਨਕਸ਼ਾ ਸਾਲ 2015 ‘ਚ ਪਾਸ ਹੋਇਆ ਹੈ ਪਰ ਬਿਲਡਰ ਵੱਲੋਂ ਕਲੱਬ ਦੇ ਨਾਮ ਤੇ ਸਾਲ 2010-11 ਵਿੱਚ 50,000/- ਰੁਪਏ ਪ੍ਰਤੀ ਯੂਨਿਟ ਧੱਕੇ ਨਾਲ ਲੈਣੇ ਸ਼ੁਰੂ ਕਰ ਦਿੱਤੇ ਗਏ ਸਨ ਜੋ ਕਿ ਬਿਲਡਰ ਦੀ ਲੋਕਾਂ ਨਾਲ ਸ਼ਰੇ੍ਹਆਮ ਧੋਖਾਧੜੀ ਹੈ ਅਤੇ ਇਨ੍ਹਾਂ ਸੈਕਟਰਾਂ ਵਿੱਚ ਬਿਲਡਰ ਵੱਲੋਂ ਕਮਿਊਨਿਟੀ ਸੈਂਟਰ ਲਈ ਕੋਈ ਵੀ ਜਗ੍ਹਾ ਰਾਖਵੀ ਨਹੀ ਰੱਖੀ ਗਈ ਹੈ। ਸੈਕਟਰ 111 ਵਿੱਚ ਦੀ ਲੰਘਦੇ ਲਖਨੌਰ ਚੋਅ ਦੇ ਆਲੇ ਦੁਆਲੇ 50 ਮੀਟਰ ਬਫਰ ਜੋਨ ਨਹੀ ਛੱਡਿਆ ਗਿਆ ਜੋ ਕਿ ਡਰੇਨੇਜ਼ ਅਤੇ ਸਿੰਚਾਈ ਵਿਭਾਗ ਦੀਆਂ ਹਦਾਇਤਾਂ ਦੇ ਵਿਰੁੱਧ ਹੈ। ਇੱਥੇ ਹੀ ਬੱਸ ਨਹੀ ਪੁੱਡਾ ਦੇ ਅਧਿਕਾਰੀਆਂ ਵੱਲੋਂ ਚੋਅ ਤੋਂ ਪਾਰ ਦੇ ਇਲਾਕੇ ਦਾ ਲੇਅ ਆਊਟ ਪਲਾਨ ਵੀ ਗਲਤ ਪਾਸ ਕੀਤਾ ਗਿਆ ਹੈ ਕਿਉਂਕਿ ਬਿਲਡਰ ਵੱਲੋਂ ਡਰੇਨੇਜ਼ ਵਿਭਾਗ ਦੀ ਹਦਾਇਤਾਂ ਅਨੁਸਾਰ ਪੁੱਲ ਦੀ ਉਸਾਰੀ ਨਹੀ ਕੀਤੀ ਗਈ। ਸਗੋਂ ਡਰੇਨੇਜ਼ ਵਿਭਾਗ ਦੀਆਂ ਹਦਾਇਤਾਂ ਦੇ ਉਲਟ ਪੁਲੀਆਂ ਲਾ ਕੇ ਆਰਜ਼ੀ ਰਸਤਾ ਬਣਾਇਆ ਗਿਆ ਹੈ। ਡਰੇਨੇਜ਼ ਵਿਭਾਗ ਨੇ ਐਸ.ਐਚ.ਓ ਸੋਹਾਣਾ ਨੂੰ ਵੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ ਪਰ ਕੋਈ ਵੀ ਕਾਰਵਾਈ ਨਹੀ ਹੋਈ।
ਸਾਲ 2022 ਵਿੱਚ ਪੁੱਡਾ ਦੇ ਅਧਿਕਾਰੀਆਂ ਵੱਲੋਂ ਸੈਕਟਰ 110 ਵਿੱਚ ਰੈਵੀਨਿਊ ਰਸਤੇ ਵਿੱਚ ਹੀ ਸੜਕ ਦਾ ਨਕਸ਼ਾ ਪਾਸ ਕਰ ਦਿੱਤਾ ਗਿਆ ਹੈ ਜਦ ਕਿ ਬਿਲਡਰ ਕੋਲ ਇਸ ਜਗ੍ਹਾ ਦੀ ਮਲਕੀਅਤ ਹੀ ਨਹੀ ਹੈ। ਜਿਸ ਕਾਰਨ ਲੋਕ ਕੱਚੇ ਰਸਤੇ ਤੇ ਜਾਣ ਲਈ ਮਜਬੂਰ ਹਨ। ਬਿਲਡਰ ਨੇ ਗਮਾਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਜਿਸ ਏਰੀਏ ਦਾ ਬਿਲਡਰ ਕੋਲ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਹੀ ਨਹੀ, ਉਸ ਜਗ੍ਹਾ ਵਿੱਚ ਵੀ ਪਲਾਟਾਂ ਦੇ ਕਬਜ਼ੇ ਦੇ ਦਿੱਤੇ ਗਏ ਹਨ ਅਤੇ ਗਮਾਡਾ ਵੱਲੋਂ ਨਿੱਜੀ ਨਕਸ਼ੇ ਵਿੱਚ ਪਾਸ ਕਰ ਦਿੱਤੇ ਗਏ ਹਨ ਜਦੋਂ ਹੁਣ ਮਕਾਨ ਬਣਾ ਕੇ ਲੋਕ ਆਪਣੇ ਘਰਾਂ ਦਾ ਗਮਾਡਾ ਕੋਲ ਕੰਪਲੀਸ਼ਨ ਸਰਟੀਫਿਕੇਟ ਮੰਗਦੇ ਹਨ ਤਾਂ ਗਮਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਦਾ ਤਾਂ ਬਿਲਡਰ ਕੋਲ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਹੀ ਨਹੀ ਹੈ। ਜਿਸ ਕਾਰਨ ਲੋਕ ਗਮਾਡਾ ਅਤੇ ਟੀ.ਡੀ.ਆਈ ਬਿਲਡਰ ਵੱਲੋਂ ਲੁੱਟਿਆ ਮਹਿਸੂਸ ਕਰਦੇ ਹਨ।
ਰੈਜੀਡੈਂਸ ਵੈਲਫੇਅਰ ਸੋਸਾਇਟੀ ਇਨ੍ਹਾ ਬੇਨਿਯਮੀਆਂ ਬਾਰੇ ਪੁੱਡਾ/ਗਮਾਡਾ ਦੀ ਅਫਸਰਸ਼ਾਹੀ ਨੂੰ ਸਮੇਂ ਸਮੇਂ ਤੇ ਸੂਚਿਤ ਕਰਦੀ ਆ ਰਹੀ ਹੈ ਪਰ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਕਰਕੇ ਕੋਈ ਵੀ ਵਿਭਾਗੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ। ਸੋਸਾਇਟੀ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਹਾਊਸਿੰਗ ਸੈਕਟਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਬੰਧਤ ਅਫਸਰਾਂ ਅਤੇ ਕਰਮਚਾਰੀਆਂ ਦੀਆਂ ਜਾਇਦਾਦਾਂ ਅਤੇ ਬਿਲਡਰ ਨਾਲ ਮਿਲ ਕੇ ਕੀਤੀਆਂ ਬੇਨਿਯਮੀਆਂ ਦੀ ਜਾਂਚ ਵਿਜੀਲੈਂਸ ਦੇ ਅਧਿਕਾਰੀਆਂ ਦੀ ਟੀਮ ਬਣਾ ਕੇ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ।