ਭਾਰੀ ਮੀਂਹ ਕਾਰਨ ਪੌਂਗ ਡੈਮ ‘ਚ ਪਾਣੀ ਦਾ ਪੱਧਰ ਵਧਿਆ
ਹਾਜੀਪੁਰ, 12 ਅਗਸਤ,ਬੋਲੇ ਪੰਜਾਬ ਬਿਊਰੋ :
ਹਿਮਾਚਲ ਦੇ ਹਾਜੀਪੁਰ ‘ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪੌਂਗ ਡੈਮ ਝੀਲ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਪਰ ਝੀਲ ਦਾ ਪਾਣੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 46 ਫੁੱਟ ਦੂਰ ਹੈ ਕਿਉਂਕਿ ਪੌਂਗ ਡੈਮ ‘ਚ ਖ਼ਤਰੇ ਦਾ ਨਿਸ਼ਾਨ 1390 ਫੁੱਟ ‘ਤੇ ਰੱਖਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੌਂਗ ਡੈਮ ਝੀਲ ਵਿੱਚ ਕੱਲ੍ਹ ਸ਼ਾਮ 6 ਵਜੇ ਪਾਣੀ ਦਾ ਪੱਧਰ 1344.06 ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਅੱਜ ਦੇ ਦਿਨ ਨਾਲੋਂ ਕਰੀਬ 31 ਫੁੱਟ ਘੱਟ ਹੈ। ਪਿਛਲੇ ਸਾਲ 11 ਅਗਸਤ ਨੂੰ ਪੌਂਗ ਡੈਮ ਝੀਲ ਵਿੱਚ ਪਾਣੀ ਦਾ ਪੱਧਰ 1375.45 ਸੀ।
ਹੁਣ ਪੌਂਗ ਡੈਮ ਝੀਲ ਵਿੱਚ 1 ਲੱਖ 3 ਹਜ਼ਾਰ 824 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਬਾਹਰ ਦਾ ਵਹਾਅ 55 ਕਿਊਸਿਕ ਹੈ ਜੋ ਮੁਕੇਰੀਆਂ ਹਾਈਡਲ ਨਹਿਰ ਵਿੱਚ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਫਿਲਹਾਲ ਆਸਮਾਨ ‘ਚ ਬੱਦਲ ਛਾਏ ਰਹਿਣਗੇ।