ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਫੇਜ਼-6, ਮੋਹਾਲੀ ਦੇ ਸਟੇਡੀਅਮ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ
ਐੱਸ.ਏ.ਐੱਸ.ਨਗਰ, 12 ਅਗਸਤ, ਬੋਲੇ ਪੰਜਾਬ ਬਿਊਰੋ ;
ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਫੇਜ਼-6, ਮੋਹਾਲੀ ਦੇ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਬਾਬਤ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਸਵੇਰੇ 9:00 ਵਜੇ ਹੋਵੇਗੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਦੀਪਕ ਪਾਰਿਕ ਇਸ ਰਿਹਰਸਲ ਦਾ ਜਾਇਜ਼ਾ ਲੈਣਗੇ। ਇਸ ਸਬੰਧੀ ਅੱਜ ਐੱਸ.ਡੀ.ਐਮ. ਸ਼੍ਰੀ ਦੀਪਾਂਕਰ ਗਰਗ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਐੱਸ.ਡੀ.ਐਮ. ਸ਼੍ਰੀ ਦੀਪਾਂਕਰ ਗਰਗ ਨੇ ਕਿਹਾ ਕਿ ਇਹ ਦਿਨ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਜ਼ਾਦੀ ਘੁਲਾਟੀਆਂ ਦੇ ਬੇਮਿਸਾਲ ਯੋਗਦਾਨ ਦੀ ਯਾਦ ਦਿਵਾਉਂਦਾ ਹੈ। ਉਹਨਾਂ ਨੇ ਮਾਰਚ ਪਾਸਟ, ਪਾਰਕਿੰਗ, ਝਾਕੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।
ਐੱਸ.ਡੀ.ਐਮ. ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਗਰਾਊਂਡ ਦੀ ਸਫ਼ਾਈ ਅਤੇ ਰਿਹਰਸਲ ਦੌਰਾਨ ਅਤੇ ਮੁੱਖ ਸਮਾਗਮ ਦੌਰਾਨ ਵਿਦਿਆਰਥੀਆਂ ਲਈ ਬੈਠਣ, ਪੀਣ ਵਾਲੇ ਪਾਣੀ ਅਤੇ ਮੈਡੀਕਲ ਟੀਮ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਅਜ਼ਾਦੀ ਘੁਲਾਟੀਆਂ ਨੂੰ ਸਮਾਗਮ ਵਿੱਚ ਉਚੇਚੇ ਤੌਰ ਉੱਤੇ ਸ਼ਿਰਕਤ ਲਈ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧਾਂ ਸਬੰਧੀ ਕੋਈ ਢਿੱਲ ਨਹੀਂ ਰਹਿਣੀ ਚਾਹੀਦੀ।
ਇਸ ਮੌਕੇ ਵੱਖੋ-ਵੱਖ ਸਕੂਲਾਂ ਦੇ ਵਿਦਿਆਰਥੀਆਂ ਸਮੇਤ ਵੱਖੋ-ਵੱਖੋ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।