1 ਤੋਂ 3 ਅਕਤੂਬਰ ਤੱਕ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਲਾਇਆ ਜਾਵੇਗਾ ਤਿੰਨ ਦਿਨਾਂ ਪੈਨਸ਼ਨ ਪ੍ਰਾਪਤੀ ਮੋਰਚਾ

ਚੰਡੀਗੜ੍ਹ ਪੰਜਾਬ

ਬਸਤੀਵਾਦੀ ਹਾਕਮਾਂ ਖਿਲਾਫ ਦੇਸ਼ ਦੇ ਸੁਤੰਤਰਤਾ ਸੰਗਰਾਮ ਤੋਂ ਪ੍ਰੇਰਨਾ ਲੈਂਦੇ ਹੋਏ 15 ਅਗਸਤ ਦੇ ਦਿਹਾੜੇ ਤੇ “ਐੱਨ.ਪੀ.ਐੱਸ ਤੋਂ ਅਜ਼ਾਦੀ” ਪੰਦਰਵਾੜਾ ਮੁਹਿੰਮ ਚਲਾਈ ਜਾਵੇਗੀ

ਫ਼ਤਿਹਗੜ੍ਹ ਸਾਹਿਬ, 12ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਕਮੇਟੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਚੋਂ ਸੂਬਾ ਕਮੇਟੀ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਲੰਘੀਆਂ ਲੋਕ ਸਭਾ ਚੋਣਾਂ ਮਗਰੋਂ ਪੈਨਸ਼ਨ ਬਹਾਲੀ ਲਈ ਸੰਘਰਸ਼ਾਂ ਨੂੰ ਮੁੜ ਸੁਰਜੀਤ ਕਰਨ ਸਬੰਧੀ ਮਹੱਤਵਪੂਰਨ ਫੈਸਲੇ ਕੀਤੇ ਗਏ। ਸੂਬਾ ਕਮੇਟੀ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਪੈਨਸ਼ਨ ਵਿਰੋਧੀ ਬਜਟ ਅਤੇ ਕੇਂਦਰੀ ਕੈਬਨਿਟ ਸਕੱਤਰ ਦੇ ਪੁਰਾਣੀ ਪੈਨਸ਼ਨ ਵਿਰੋਧੀ ਬਿਆਨ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਸੂਬਾ ਕਮੇਟੀ ਮੀਟਿੰਗ ਦੇ ਫੈਸਲਿਆਂ ਨੂੰ ਸਾਂਝਾ ਕਰਦਿਆਂ ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰਾਂ ਗੁਰਬਿੰਦਰ ਖਹਿਰਾ ,ਇੰਦਰ ਸੁਖਦੀਪ ਸਿੰਘ ਨੇ ਦੱਸਿਆ ਕਿ ਸੂਬੇ ਦੀ ਆਪ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਆਪਣੇ ਚੋਣ ਵਾਅਦੇ ਤੇ ਅਮਲ ਕਰਨ ਅਤੇ ਕੇਂਦਰੀ ਭਾਜਪਾ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਖਿਲਾਫ਼ ਵਿੱਢੇ ਹਮਲੇ ਅੱਗੇ ਗੋਡੇ ਟੇਕਦਿਆਂ ਸੂਬਾ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮੁਕੰਮਲ ਨਾਕਾਮ ਸਾਬਤ ਹੋਈ ਹੈ। ਉਹਨਾਂ ਦੱਸਿਆ ਕਿ ਪੀਪੀਪੀਐੱਫ ਫਰੰਟ ਵੱਲੋੰ ਆਪ ਸਰਕਾਰ ਦੀ ਵਾਅਦਾਖਿਲਾਫ਼ੀ ਦੇ ਰੋਸ ਵਿੱਚ ਬਣਾਈ ਸੰਘਰਸ਼ੀ ਰਣਨੀਤੀ ਤਹਿਤ 1 ਤੋੰ 3 ਅਕਤੂਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਤਿੰਨ ਦਿਨਾਂ ਸੂਬਾਈ “ਪੈਨਸ਼ਨ ਪ੍ਰਾਪਤੀ ਮੋਰਚਾ” ਲਗਾਇਆ ਜਾਵੇਗਾ। ਇਸ ਮੋਰਚੇ ਦੀ ਲਾਮਬੰਦੀ ਲਈ ਅਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਜਵਾਬਦੇਹ ਬਣਾਉਣ ਲਈ “ਕਾਰਨ ਦੱਸੋ ਨੋਟਿਸ” ਜਾਰੀ ਕੀਤੇ ਜਾਣਗੇ। ਜੇਕਰ ਇਹਨਾਂ ਦਿਨਾਂ ਵਿੱਚ ਹੀ ਜ਼ਿਮਨੀ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਇਹ ਤਿੰਨ ਦਿਨਾਂ ਮੋਰਚਾ ਬਰਨਾਲੇ ਅਤੇ ਚੱਬੇਵਾਲ ਵਿਖੇ ਲਗਾ ਕੇ ਚੋਣਾਂ ਵਿੱਚ ਪੈਨਸ਼ਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾਵੇਗਾ। ਬਸਤੀਵਾਦੀ ਅੰਗ੍ਰੇਜ਼ ਹਾਕਮਾਂ ਖਿਲਾਫ਼ ਲੜੇ ਗਏ ਸੁਤੰਤਰਤਾ ਸੰਗਰਾਮ ਤੋਂ ਪ੍ਰੇਰਨਾ ਲੈਂਦੇ ਹੋਏ 15 ਅਗਸਤ ਦੇ ਦਿਹਾੜੇ ਤੇ “ਐੱਨ.ਪੀ.ਐੱਸ ਤੋਂ ਅਜ਼ਾਦੀ” ਸਿਰਲੇਖ ਹੇਠ ਪੰਦਰਵਾੜਾ ਮੁਹਿੰਮ ਚਲਾਈ ਜਾਵੇਗੀ। ਸੂਬਾ ਕਮੇਟੀ ਵੱਲੋਂ ਜੱਥੇਬੰਦਕ ਢਾਂਚੇ ਦੀ ਵਧੇਰੇ ਮਜ਼ਬੂਤੀ ਲਈ ਮਾਲਵਾ ਖੇਤਰ ਨੂੰ ਦੋ ਜ਼ੋਨਾਂ ਵਿੱਚ ਵੰਡ ਕੇ ਦਲਜੀਤ ਸਫੀਪੁਰ ਨੂੰ ਜ਼ੋਨ ਕਨਵੀਨਰ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ।ਫਰੰਟ ਦੇ ਆਗੂਆਂ ਜਸਵਿੰਦਰ ਔਜਲਾ,ਸਤਪਾਲ ਸਮਾਣਵੀ ਅਤੇ ਰਮਨ ਸਿੰਗਲਾ ਨੇ ਕਿਹਾ ਕਿ ਆਪ ਸਰਕਾਰ ਨੇ ਅੱਧਾ ਕਾਰਜਕਾਲ ਲੰਘਣ ਦੇ ਬਾਵਜੂਦ ਐੱਨ.ਪੀ.ਐੱਸ ਕਟੌਤੀ ਬੰਦ ਕਰਕੇ ਜੀ.ਪੀ.ਐੱਫ ਖਾਤੇ ਖੋਲਣ ਦੀ ਬਜਾਏ ਨਵੀਂ ਪੈਨਸ਼ਨ ਸਕੀਮ ਵਿੱਚ ਹਿੱਸੇਦਾਰੀ ਨੂੰ ਜਾਰੀ ਰੱਖਿਆ ਹੋਇਆ ਹੈ ਜੋ ਮੁਲਾਜ਼ਮਾਂ ਨਾਲ਼ ਵੱਡਾ ਧੋਖਾ ਹੈ। ਜਿਸ ਨੂੰ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਵੱਡੀ ਲਹਿਰ ਉਸਾਰਕੇ ਹੀ ਚੁਣੌਤੀ ਦਿੱਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਫਰੰਟ ਦੀ ਸੂਬਾ ਕਮੇਟੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਨੂੰ ਕਾਇਮ ਰੱਖਣ ਦੀ ਲੋੜ ਬਾਰੇ ਹਾਮੀ ਭਰੀ ਗਈ ਅਤੇ ਇਸ ਦੀ ਸਰਗਰਮੀ ਲਈ ਯਤਨ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।
ਸੂਬਾ ਕਮੇਟੀ ਮੀਟਿੰਗ ਵਿੱਚ ਡੀ.ਐੱਮ.ਐੱਫ ਦੇ ਸਕੱਤਰ ਹਰਦੀਪ ਟੋਡਰਪੁਰ ਸਮੇਤ ਜਗਜੀਤ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ ਕੋਠੇ, ਜਸਵਿੰਦਰ ਸਿੰਘ, ਮਨਜੀਤ ਸਿੰਘ, ਰਜਿੰਦਰ ਸੈਣੀ, ਰਾਕੇਸ਼ ਕੁਮਾਰ, ਜਗਦੀਪ ਸਿੰਘ, ਗੁਰਦਿਆਲ ਚੰਦ, ਗੁਰਜਿੰਦਰ ਮੰਝਪੁਰ, ਲਖਵਿੰਦਰ ਸਿੰਘ, ਜਗਦੀਸ਼ ਸੱਪਾਂਵਾਲੀ, ਕੰਵਰਦੀਪ ਸਿੰਘ ਢਿੱਲੋਂ, ਹਰਿੰਦਰ ਸਿੰਘ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *