ਪੰਜਾਬ ਦੇ ਇੱਕ ਸਰਕਾਰੀ ਹਸਪਤਾਲ ‘ਚ ਦਿਨ-ਦਿਹਾੜੇ ਔਰਤ ਨਾਲ ਬਲਾਤਕਾਰ
ਜਲੰਧਰ, 12 ਅਗਸਤ ,ਬੋਲੇ ਪੰਜਾਬ ਬਿਊਰੋ :
ਜਲੰਧਰ ਦੇ ਸਿਵਲ ਹਸਪਤਾਲ ‘ਚ ਇਕ ਵਿਆਹੁਤਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਔਰਤ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਥਾਣਾ 4 ਦੇ ਐੱਸ.ਐੱਚ.ਓ. ਹਰਦੇਵ ਸਿੰਘ ਪੁਲੀਸ ਪਾਰਟੀ ਸਮੇਤ ਸਿਵਲ ਹਸਪਤਾਲ ਪੁੱਜੇ। ਮੁਲਜ਼ਮ ਦੀ ਪਛਾਣ ਲਈ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਇਸ ਦੌਰਾਨ ਐੱਸ.ਐੱਚ.ਓ. ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਰਿੰਦਰਾ ਕੌਰ, ਡਾ: ਪਰਮਜੀਤ ਸਿੰਘ ਵੀ ਹਾਜ਼ਰ ਸਨ। ਘਟਨਾ ਤੋਂ ਬਾਅਦ ਹਸਪਤਾਲ ‘ਚ ਹੜਕੰਪ ਮਚ ਗਿਆ।
ਜਾਣਕਾਰੀ ਅਨੁਸਾਰ ਮਨਪ੍ਰੀਤ (ਕਾਲਪਨਿਕ ਨਾਮ) ਨਾਂ ਦੀ 25 ਸਾਲਾ ਔਰਤ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ ਅਤੇ ਨਕੋਦਰ ਨੇੜਲੇ ਇੱਕ ਪਿੰਡ ਵਿੱਚ ਰਹਿੰਦੀ ਹੈ। ਔਰਤ ਦੀ ਮਾਂ ਬਿਮਾਰ ਹੈ ਅਤੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਔਰਤ ਅਨੁਸਾਰ ਉਹ ਦੁਪਹਿਰ ਕਰੀਬ 2 ਵਜੇ ਪੌੜੀਆਂ ਤੋਂ ਹੇਠਾਂ ਆ ਰਹੀ ਸੀ। ਇਸੇ ਦੌਰਾਨ ਇੱਕ ਵਿਅਕਤੀ ਉਸ ਨੂੰ ਧੱਕੇ ਨਾਲ ਬੇਸਮੈਂਟ ਵਿੱਚ ਲੈ ਗਿਆ। ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਬਲਾਤਕਾਰ ਕੀਤਾ। ਉਕਤ ਵਿਅਕਤੀ ਨੇ ਉਸ ਦਾ ਗਲਾ ਵੀ ਕੱਪੜੇ ਨਾਲ ਦਬਾਇਆ ਅਤੇ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ।
ਇਸ ਤੋਂ ਬਾਅਦ ਕਰੀਬ 2 ਵਜੇ ਉਹ ਚੀਕਦੀ ਹੋਈ ਬੇਸਮੈਂਟ ਤੋਂ ਬਾਹਰ ਆਈ ਅਤੇ ਸਾਰੀ ਘਟਨਾ ਹਸਪਤਾਲ ‘ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਦੱਸੀ। ਔਰਤ ਦਾ ਕਹਿਣਾ ਹੈ ਕਿ ਉਹ ਉਸ ਦੇ ਸਾਹਮਣੇ ਆਉਣ ‘ਤੇ ਉਸ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪਛਾਣ ਸਕਦੀ ਹੈ। ਥਾਣਾ 4 ਦੇ ਐਸ.ਐਚ.ਓ. ਹਰਦੇਵ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਔਰਤ ਨਾਲ ਜਬਰ ਜਨਾਹ ਹੋਇਆ ਹੈ, ਪਰ ਜਿਵੇਂ ਹੀ ਪੁਲਿਸ ਨੇ ਔਰਤ ਨੂੰ ਬਿਆਨ ਦਰਜ ਕਰਨ ਲਈ ਕਿਹਾ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ।
ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐਮ.ਐਸ.) ਡਾ. ਗੀਤਾ ਘਟਨਾ ਵਾਪਰਨ ਤੋਂ ਬਾਅਦ ਦੇਰ ਸ਼ਾਮ ਤੱਕ ਆਪਣੇ ਦਫ਼ਤਰ ਵਿੱਚ ਮੌਜੂਦ ਰਹੀ।ਉਨ੍ਹਾਂ ਪੂਰੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਅਮਲੇ ਨੂੰ ਨਵੇਂ ਹੁਕਮ ਜਾਰੀ ਕੀਤੇ ਤਾਂ ਜੋ ਹਸਪਤਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।