APP ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਮੰਤਰੀ ਨੂੰ BJP ਨੇ ਤਿੰਨ ਘੰਟੇ ਬਾਅਦ ਹੀ ਦਿਖਾਇਆ ਬਾਹਰ ਦਾ ਰਸਤਾ
ਚੰਡੀਗੜ੍ਹ 11 ਅਗਸਤ,ਬੋਲੇ ਪੰਜਾਬ ਬਿਊਰੋ :
ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦਾ ਸਾਬਕਾ ਮੰਤਰੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ, ਤਿੰਨ ਘੰਟਿਆਂ ਬਾਅਦ ਹੀ ਭਾਜਪਾ ਨੇ ਪਾਰਟੀ ਵਿੱਚੋਂ ਕੱਢ ਦਿੱਤਾ। ਦਿੱਲੀ ਸਰਕਾਰ ਵਿੱਚ ਮੰਤਰੀ ਰਹੇ ਸੰਦੀਪ ਵਾਲਮੀਕੀ ਅੱਜ ਪੰਚਕੂਲਾ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਪਾਰਟੀ ਵਿੱਚ ਸ਼ਾਮਲ ਹੋਣ ਦੇ ਤਿੰਨ ਘੰਟਿਆਂ ਬਾਅਦ ਹੀ ਸੰਦੀਪ ਵਾਲਮੀਕੀ ਨੂੰ ਭਾਜਪਾ ਵਿਚੋਂ ਕੱਢ ਦਿੱਤਾ ਗਿਆ।ਹੋਇਆ ਇਹ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪਟਕਾ ਬੰਨ੍ਹਣ ਦੀਆਂ ਫੋਟੋ ਵਾਇਰਲ ਹੋਣ ਦੇ ਬਾਅਦ ਸੋਸ਼ਲ ਮੀਡੀਆ ਵਿੱਚ ਸੰਦੀਪ ਵਾਲਮੀਕੀ ਦੇ ਵਿਵਾਦਾਂ ਨਾਲ ਜੁੜੀਆਂ ਪੁਰਾਣੀਆਂ ਖ਼ਬਰਾਂ ਸਾਂਝੀਆਂ ਹੋਣ ਲੱਗੀਆਂ। ਇਸ ਦਾ ਭਾਜਪਾ ਨੂੰ ਪਤਾ ਲੱਗਦਿਆਂ ਹੀ ਐਕਸ਼ਨ ਲਿਆ ਗਿਆ। ਦੋਸ਼ ਲਗਾਇਆ ਗਿਆ ਕਿ ਸੰਦੀਪ ਨੇ ਖੁਦ ਉਤੇ ਲੱਗੇ ਆਰੋਪਾਂ ਨਾਲ ਸਬੰਧਤ ਤੱਥ ਛੁਪਾ ਕੇ ਰੱਖੇ ਅਤੇ ਪਾਰਟੀ ਨੂੰ ਗੁੰਮਰਾਹ ਕੀਤਾ ਹੈ।