ਅਕਾਲ ਤਖ਼ਤ ਸਾਹਿਬ ਤੋਂ ਨਿਸ਼ਾਨ ਸਾਹਿਬ ਦੇ ਰੰਗ ਲਈ ਲਿਆ ਫੈਸਲਾ ਸਿੱਖ ਕੌਮ ਲਈ ਹੋਵੇਗਾ ਮੀਲ ਪੱਥਰ ਸਾਬਤ: ਸਰਨਾ

ਚੰਡੀਗੜ੍ਹ ਨੈਸ਼ਨਲ ਪੰਜਾਬ

ਅਕਾਲ ਤਖ਼ਤ ਸਾਹਿਬ ਤੋਂ ਨਿਸ਼ਾਨ ਸਾਹਿਬ ਦੇ ਰੰਗ ਲਈ ਲਿਆ ਫੈਸਲਾ ਸਿੱਖ ਕੌਮ ਲਈ ਹੋਵੇਗਾ ਮੀਲ ਪੱਥਰ ਸਾਬਤ: ਸਰਨਾ

ਨਵੀਂ ਦਿੱਲੀ 11 ਅਗਸਤ ,ਬੋਲੇ ਪੰਜਾਬ ਬਿਊਰੋ :

ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਦੀ ਰੌਸ਼ਨੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਆਦੇਸ਼ ਨਿਸ਼ਾਨ ਸਾਹਿਬ ਦੇ ਰੰਗ ਬਸੰਤੀ/ ਪੀਲ਼ਾ (ਅਸਲ ਕੇਸਰੀ) ਜਾਂ ਸੁਰਮਈ ਹੋਣ ਬਾਰੇ ਆਇਆ ਹੈ । ਇਸ ਫੈਸਲੇ ਅੱਗੇ ਸਮੁੱਚੀ ਸਿੱਖ ਕੌਮ ਨੇ ਸ਼ਰਧਾ ਤੇ ਸਤਿਕਾਰ ਨਾਲ ਸੀਸ ਝੁਕਾਉਂਦੇ ਹੋਏ ਨਾ ਸਿਰਫ ਇਸਨੂੰ ਪ੍ਰਵਾਨ ਕੀਤਾ ਹੈ । ਸਗੋਂ ਇਸ ਉੱਪਰ ਖੁਸ਼ੀ – ਖੁਸ਼ੀ ਫੁਲ ਵੀ ਚੜ੍ਹਾਏ ਹਨ । ਸਮੁੱਚੇ ਖ਼ਾਲਸਾ ਪੰਥ ਨੇ ਇਸ ਆਦੇਸ਼ ਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਸਲਾਹਿਆ ਹੈ ਤੇ ਇਹ ਮੰਨਿਆ ਹੈ ਕਿ ਇਹ ਫੈਸਲਾ ਸਿੱਖ ਕੌਮ ਦੀ ਅੱਡਰੀ ਪਹਿਚਾਣ ਦੇ ਪੱਖੋਂ ਮੀਲ ਪੱਥਰ ਸਾਬਤ ਹੋਵੇਗਾ ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਜਦੋਂ ਇਸ ਆਦੇਸ਼ ਦੇ ਜਾਰੀ ਹੋਣ ਤੋਂ ਬਾਅਦ ਵੱਖ – ਵੱਖ ਚੈਨਲਾਂ ਉੱਪਰ ਵਿਚਾਰ – ਚਰਚਾਵਾਂ ਹੋਈਆਂ ਤਾਂ ਇਸਦਾ ਸਭ ਤੋਂ ਵੱਧ ਵਿਰੋਧ ਸੰਘ ਤੇ ਆਰੀਆ ਸਮਾਜ ਦੀ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਕੀਤਾ ਜਦਕਿ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਬੋਲਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ । ਪਰ ਉਹਨਾਂ ਲੋਕਾਂ ਨੇ 1927 ਤੋਂ ਵਿਚਾਰ ਚਰਚਾ ਆਰੰਭ ਹੋਣ ਤੋਂ ਲੈ ਕੇ 1945 ਤੱਕ ਪੰਥ ਵਿੱਚ ਵਿਆਪਕ ਚਰਚਾ ਤੋਂ ਬਾਅਦ ਹੋੰਦ ਵਿੱਚ ਆਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਅੰਗਰੇਜ਼ਾਂ ਦੀ ਉਪਜ ਦੱਸਿਆ ।
ਇਹ ਇਤਫ਼ਾਕ ਹੈ ਜਾਂ ਕੋਈ ਹੋਰ ਗੱਲ ਕਿ ਇਹਨਾਂ ਗੱਲਾਂ ਤੋਂ ਬਾਅਦ ਸਿੱਖਾਂ ਦੇ ਅੰਦਰੋਂ ਵੀ ਕੁਝ ਹਿੱਸੇ ਇਸੇ ਤਰਜ਼ ਤੇ ਨਿਸ਼ਾਨ ਸਾਹਿਬ ਦੇ ਅਸਲ ਰੰਗ ਬਸੰਤੀ/ ਪੀਲਾ (ਅਸਲ ਕੇਸਰੀ) ਤੇ ਸੁਰਮਈ ਕੀਤੇ ਜਾਣ ਦੇ ਪੰਥ ਪ੍ਰਵਾਨਿਤ ਫੈਸਲੇ ਨੂੰ ਬਦਲਾਉਣ ਲਈ ਸਰਗਰਮ ਹੋਏ ਹਨ । ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਫੈਸਲਾ ਸਿੱਖ ਕੌਮ ਲਈ ਇਸ ਸਦੀ ਦੇ ਅਹਿਮ ਫੈਸਲਿਆਂ ਵਿੱਚੋਂ ਇੱਕ ਹੈ ਤੇ ਸਮੁੱਚੀ ਸਿੱਖ ਕੌਮ ਨੇ ਖਿੜੇ ਮੱਥੇ ਉਤਸ਼ਾਹ ਦੇ ਨਾਲ ਇਸਦਾ ਸਵਾਗਤ ਕਰਕੇ ਪੰਥਕ ਰਵਾਇਤਾਂ ਤੇ ਸਿਧਾਤਾਂ ਦੀ ਰੌਸ਼ਨੀ ਵਿੱਚ ਲਏ ਗਏ ਇਸ ਫੈਸਲੇ ਤੇ ਮੋਹਰ ਲਗਾਈ ਹੈ ।
ਅੱਜ ਜੋ ਲੋਕ ਇਸ ਫੈਸਲੇ ਨੂੰ ਉਲ਼ਟਾਉਣ ਲਈ ਸਰਗਰਮ ਹੋਏ ਹਨ । ਉਹ ਇਹ ਗੱਲ ਚੇਤੇ ਰੱਖਣ ਕਿ ਸਿੱਖ ਸਿਧਾਤਾਂ, ਰਵਾਇਤਾਂ ਤੇ ਪੰਥ ਦੀ ਸਾਂਝੀ ਰਾਇ ਤੋਂ ਪਾਸੇ ਹੋਕੇ ਚੱਲਣ ਵਾਲੀ ਗੱਲ ਤੇ ਹੈ ਹੀ ਇਸਦੇ ਨਾਲ ਹੀ ਇਹ ਕੌਮ ਵਿੱਚ ਜਾਣ ਬੁਝਕੇ ਪੰਥ ਵਿਰੋਧੀ ਤਾਕਤਾਂ ਦੇ ਨਾਲ ਖੜਨ ਵਾਲੀ ਗੱਲ ਹੈ । ਜਿਹੜੇ ਵੀ ਲੋਕ ਚਾਹੇ ਉਹ ਕਿਸੇ ਵੀ ਅਹੁਦੇ ਜਾਂ ਰੁਤਬੇ ਤੇ ਹੋਣ ਜੋ ਵੀ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਜਾਂ ਕਰਨਗੇ ਉਹਨਾਂ ਦਾ ਭਾਂਡਾ ਪੰਥ ਵਿੱਚ ਸਰੇ ਬਜ਼ਾਰ ਭੱਜ ਜਾਵੇਗਾ ਤੇ ਉਹਨਾਂ ਦੀ ਸੰਘ ਤੇ ਆਰੀਆ ਸਮਾਜ ਨਾਲ ਸਾਂਝ ਸ਼ਰੇਆਮ ਨਸ਼ਰ ਹੋਵੇਗੀ । ਕਿਉਂਕਿ ਸਾਰਾ ਪੰਥ ਇਸ ਮਸਲੇ ਤੇ ਇੱਕ ਮੱਤ ਹੈ ਜੇਕਰ ਕਿਸੇ ਨੂੰ ਤਕਲੀਫ ਹੋਈ ਹੈ ਤਾਂ ਸਿੱਖਾਂ ਨੂੰ ਆਪਣੇ ‘ਚ ਜਜਬ ਕਰਨ ਦੀ ਲਾਲਸਾ ਤੇ ਭਾਵਨਾ ਰੱਖਣ ਵਾਲੀਆਂ ਤਾਕਤਾਂ ਨੂੰ ਹੋਈ ਹੈ । ਹੁਣ ਜੋ ਵੀ ਪੰਥ ਦੇ ਉਲਟ ਜਾਵੇਗਾ ਉਹ ਇਹਨਾਂ ਪੰਥ ਵਿਰੋਧੀ ਤਾਕਤਾਂ ਦੇ ਨਾਲ ਖੜ੍ਹੇਗਾ ਤੇ ਇਸ ਲਈ ਪੰਥ ਪ੍ਰਵਾਨਿਤ ਇਸ ਇਤਿਹਾਸਿਕ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ।
ਅਸੀ ਸਿੰਘ ਸਾਹਿਬ ਜੱਥੇਦਾਰ ਰਘੁਬੀਰ ਸਿੰਘ ਦੀ ਅਗਵਾਈ ਵਿੱਚ ਲਏ ਗਏ ਇਸ ਇਤਿਹਾਸਕ ਫੈਸਲੇ ਦੀ ਵਧਾਈ ਦੇਂਦਿਆਂ ਇਸ ਇਲਾਹੀ ਹੁਕਮ ਅੱਗੇ ਸੀਸ ਝੁਕਾਉਂਦੇ ਹਾਂ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਹਨਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਅਮਲਾਂ ਦੀ ਅਸੀ ਭਰਪੂਰ ਸ਼ਲਾਘਾ ਕਰਦੇ ਹੋਏ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਜਲਦੀ ਤੋਂ ਜਲਦੀ ਇਸ ਇਲਾਹੀ ਫੁਰਮਾਨ ਨੂੰ ਅਮਲਾਂ ਵਿਚ ਲਿਆਉਣ ।

Leave a Reply

Your email address will not be published. Required fields are marked *