ਹਰਿਆਣਾ ਸਰਕਾਰ ਵੱਲੋਂ 15 ਅਗਸਤ ਤੋਂ ਸਕੂਲਾਂ ਵਿਚ ‘ਜੈ ਹਿੰਦ’ ਦੇ ਅਮਲ ਨੂੰ ਲਾਗੂ ਕਰਨਾ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾ ਨੂੰ ਕੁੱਚਲਣ ਦੇ ਤੁੱਲ : ਮਾਨ
ਨਵੀਂ ਦਿੱਲੀ, 10 ਅਗਸਤ,ਬੋਲੇ ਪੰਜਾਬ ਬਿਊਰੋ :
“ਇੰਡੀਆਂ ਦਾ ਜਮਹੂਰੀਅਤ ਮੁਲਕ ਬਹੁ-ਕੌਮਾਂ, ਬਹੁ-ਭਾਸ਼ਾਵਾਂ, ਬਹੁ-ਸੱਭਿਅਤਾ ਵਾਲਾ ਇਕ ਸਾਂਝਾ ਮੁਲਕ ਹੈ । ਜਿਥੇ ਕਿਸੇ ਵੀ ਕੌਮ ਜਾਂ ਧਰਮ ਦੀ ਰਵਾਇਤ ਨੂੰ ਸਾਰੀਆਂ ਕੌਮਾਂ, ਧਰਮਾਂ ਉਤੇ ਜ਼ਬਰੀ ਨਹੀ ਠੋਸਿਆ ਜਾਂ ਸਕਦਾ । ਜੇਕਰ ਹੁਕਮਰਾਨ ਅਜਿਹਾ ਅਮਲ ਤਾਨਾਸਾਹੀ ਸੋਚ ਅਧੀਨ ਕਰਨਗੇ, ਤਾਂ ਇਥੋ ਦੇ ਹਾਲਾਤ ਕਦੀ ਵੀ ਸੁਖਾਵੇ ਨਹੀਂ ਰਹਿ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਸੂਬੇ ਵਿਚ ਮੁਤੱਸਵੀ ਸੋਚ ਅਧੀਨ ਉਥੇ ਵੱਸਣ ਵਾਲੀਆ ਸਭ ਕੌਮਾਂ ਦੇ ਸਕੂਲੀ ਵਿਦਿਆਰਥੀਆਂ ਉਤੇ ਸਕੂਲ ਵਿਚ ਇਕ-ਦੂਸਰੇ ਨੂੰ ਜ਼ਬਰੀ ‘ਜੈ ਹਿੰਦ’ ਕਹਿਣ ਦੇ ਕੀਤੇ ਜਾਣ ਵਾਲੇ ਹੁਕਮਾਂ ਨੂੰ ਫਿਰਕੂ ਅਤੇ ਨਫਰਤ ਵਧਾਉਣ ਵਾਲੇ ਕਰਾਰ ਦਿੰਦੇ ਹੋਏ ਅਤੇ ਇਥੋ ਦੇ ਮਾਹੌਲ ਨੂੰ ਗੰਧਲਾ ਕਰਨ ਸੰਬੰਧੀ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਬਹੁਗਿਣਤੀ ਹਿੰਦੂ ਮੁਲਕ ਅਜਿਹੇ ਸਮੇ ਤੇ ਆਪਣੀ ਕਿਸੇ ਹਿੰਦੂਤਵ ਰਵਾਇਤ ਨੂੰ ਜਿਵੇ ਜੈ ਹਿੰਦ ਕਹਿਣ ਵਾਲੀ ਗੱਲ ਹੈ, ਲਾਗੂ ਕਰਦਾ ਹੈ ਤਾਂ ਜਿਥੇ ਕਿਤੇ ਵੀ ਸਿੱਖ ਬੱਚੇ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਵੀ ਬਿਨ੍ਹਾਂ ਕਿਸੇ ਡਰ ਭੈ ਤੇ ਆਜਾਦੀ ਤੋ ਆਪਣੀ ਰਵਾਇਤ ਅਨੁਸਾਰ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਬੁਲਾਉਣ ਦੀ ਇਜਾਜਤ ਹੋਣੀ ਚਾਹੀਦੀ ਹੈ । ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਆਪਣੇ ਵੱਲੋ ਕੀਤੇ ਗਏ ਉਪਰੋਕਤ ਫਿਰਕੂ ਹੁਕਮਾਂ ਨੂੰ ਜਾਂ ਤਾਂ ਤੁਰੰਤ ਵਾਪਸ ਲੈ ਲਵੇਗੀ ਜਾਂ ਫਿਰ ਸਿੱਖ ਕੌਮ ਨੂੰ ਵੀ ਆਪਣੇ ਕੌਮੀ ਰਵਾਇਤ ਅਨੁਸਾਰ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਬੁਲਾਉਣ ਦੀ ਇਜਾਜਤ ਦੇ ਦੇਵੇਗੀ । ਅਜਿਹੇ ਅਮਲ ਕਰਕੇ ਹੀ ਬਰਾਬਰਤਾ ਤੇ ਨਿਰਪੱਖਤਾ ਦੇ ਅਮਲਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ।