ਸੀਬੀਆਈ ਵੱਲੋਂ ਈਡੀ ਅਧਿਕਾਰੀ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ
ਨਵੀਂ ਦਿੱਲੀ, 9 ਅਗਸਤ,ਬੋਲੇ ਪੰਜਾਬ ਬਿਊਰੋ :
ਰਾਜਧਾਨੀ ਦਿੱਲੀ ਵਿੱਚ ਸੀਬੀਆਈ ਨੇ ਇੱਕ ਈਡੀ ਅਧਿਕਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਸਾਹਮਣੇ ਆਇਆ ਹੈ ਕਿ ਸੀਬੀਆਈ ਨੇ ਵੀਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇੱਕ ਸਹਾਇਕ ਡਾਇਰੈਕਟਰ ਨੂੰ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਈਡੀ ਅਧਿਕਾਰੀ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਉਹ ਈਡੀ ਵਿੱਚ ਦਰਜ ਕੇਸ ਵਿੱਚ ਜਵੈਲਰ ਨੂੰ ਰਾਹਤ ਦੇਣ ਦੇ ਬਦਲੇ ਰਿਸ਼ਵਤ ਲੈ ਰਿਹਾ ਸੀ। ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਮੁਤਾਬਕ ਈਡੀ ਅਧਿਕਾਰੀ ਨੂੰ ਦਿੱਲੀ ਦੇ ਲਾਜਪਤ ਨਗਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੁੱਧਵਾਰ ਰਾਤ 11:30 ਵਜੇ ਸੀਬੀਆਈ ਮੁੰਬਈ ਨੇ ਨਵੀਂ ਦਿੱਲੀ ‘ਚ ਈਡੀ ਦੇ ਅਸਿਸਟੈਂਟ ਡਾਇਰੈਕਟਰ ਸੰਦੀਪ ਸਿੰਘ ਯਾਦਵ ਨੂੰ 20 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ। ਉਸ ਨੇ ਕਥਿਤ ਤੌਰ ‘ਤੇ ਇਹ ਰਕਮ ਈਡੀ ਵੱਲੋਂ ਜਾਂਚ ਅਧੀਨ ਇੱਕ ਵਿਅਕਤੀ ਤੋਂ ਇਕੱਠੀ ਕੀਤੀ ਸੀ ਤਾਂ ਜੋ ਉਸ ਨੂੰ ਈਡੀ ਦੇ ਕੇਸ ਵਿੱਚ ਰਾਹਤ ਦਿੱਤੀ ਜਾ ਸਕੇ।
ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਈਡੀ ਨੇ ਸੰਦੀਪ ਸਿੰਘ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਖਿਲਾਫ ਈਸੀਆਈਆਰ ਦਰਜ ਕੀਤਾ ਗਿਆ ਹੈ ਅਤੇ ਅੱਜ ਉਨ੍ਹਾਂ ਦੀ ਰਿਹਾਇਸ਼ ਉਤੇ ਪੀਐਮਐਲਏ ਤਹਿਤ ਸਬੂਤ ਇਕੱਠੇ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਦੇ ਦਫ਼ਤਰ ਵਿੱਚ ਵੀ ਸੀਬੀਆਈ ਅਤੇ ਈਡੀ ਵੱਲੋਂ ਤਲਾਸ਼ੀ ਲਈ ਗਈ। ਪੀਐਮਐਲ ਮਾਮਲੇ ਤੋਂ ਇਲਾਵਾ ਉਸ ਨੂੰ ਤੁਰੰਤ ਮੁਅੱਤਲ ਕਰਨ ਅਤੇ ਈਡੀ ਵਿਚੋਂ ਉਨ੍ਹਾਂ ਦੇ ਮੂਲ ਵਿਭਾਗ ਵਿੱਚ ਵਾਪਸ ਭੇਜਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।