ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਕਰਕੇ ਬਣਿਆ ਦੇਸ਼ ਦਾ ਮੋਹਰੀ ਹਲਕਾ: ਅਮਨ ਅਰੋੜਾ

ਚੰਡੀਗੜ੍ਹ ਪੰਜਾਬ


ਰੋਜ਼ਗਾਰ ਉਤਪਤੀ ਮੰਤਰੀ ਨੇ ਪ੍ਰਾਜੈਕਟ ਨੂੰ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਦਾ ਹਾਣੀ ਬਣਾਉਣ ਲਈ ਹੁਨਰ ਆਧਾਰਤ ਤੇ ਵਿਗਿਆਨਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕਰਾਰ ਦਿੱਤਾ



ਚੰਡੀਗੜ੍ਹ, 9 ਅਗਸਤ ,ਬੋਲੇ ਪੰਜਾਬ ਬਿਊਰੋ :

ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਸੁਨਾਮ ਆਪਣੇ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਾਰਟਰੀਆਂ ਦੀ ਸ਼ੁਰੂਆਤ ਕਰਕੇ ਦੇਸ਼ ਦਾ ਮੋਹਰੀ ਵਿਧਾਨ ਸਭਾ ਹਲਕਾ ਬਣ ਗਿਆ ਹੈ। ਇਹ ਪ੍ਰਾਜੈਕਟ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਅਤੇ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਹੋਰ ਕਾਬਲ ਬਣਾਉਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਥਾਪਤ ਹੋਵੇਗਾ।

ਇਹ ਜਾਣਕਾਰੀ ਅੱਜ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਹਲਕੇ ਦੇ ਸਰਕਾਰੀ ਹਾਈ ਸਕੂਲ, ਖੇੜੀ ਵਿਖੇ ਐਡਵਾਂਸਡ ਰੋਬੋਟਿਕ ਲੈਬਾਰਟਰੀ ਦਾ ਉਦਘਾਟਨ ਕਰਨ ਮੌਕੇ ਸਾਂਝੀ ਕੀਤੀ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਮਿਆਰੀ ਤੇ ਵਿਗਿਆਨਕ ਸਿੱਖਿਆ ਪ੍ਰਦਾਨ ਕਰਨ ਤੋਂ ਇਲਾਵਾ ਆਧੁਨਿਕ ਯੁੱਗ ਦਾ ਹਾਣੀ ਬਣਨ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੂਜੇ ਪੜਾਅ ਤਹਿਤ 11 ਸਰਕਾਰੀ ਸਕੂਲਾਂ ਨੂੰ ਰੋਬੋਟਿਕ ਲੈਬਜ਼ ਮੁਹੱਈਆ ਕਰਵਾਈਆਂ ਗਈਆਂ ਹਨ ਜਦੋਂਕਿ ਪਹਿਲੇ ਪੜਾਅ ਤਹਿਤ 18 ਸਕੂਲਾਂ ਨੂੰ ਰੋਬੋਟਿਕ ਲੈਬਜ਼ ਨਾਲ ਲੈਸ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਕੂਲਾਂ ਵਿੱਚ ਕਿਊਰੀਅਸ ਲੈਬਜ਼ ਗੁੜਗਾਓਂ ਵੱਲੋਂ ਤਾਇਨਾਤ ਟ੍ਰੇਨਰਾਂ ਵੱਲੋਂ ਨਿਯਮਤ ਸਿਖਲਾਈ ਦਿੱਤੀ ਜਾਵੇਗੀ। ਇਹ ਭਵਿੱਖਮੁਖੀ ਰੋਬੋਟਿਕ ਲੈਬਜ਼ ਸਿੱਖਣ ਦਾ ਸਾਰਥਕ ਮਾਹੌਲ ਸਿਰਜਣ, ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੀਆਂ ਸਮੱਸਿਆਵਾਂ ਦੇ ਸਿਰਜਣਾਤਮਕ ਹੱਲ ਤਲਾਸ਼ਣ ਤੇ ਪੜਚੋਲ ਕਰਨ, ਪ੍ਰਯੋਗ ਤੇ ਖੋਜ ਕਰਨ ਲਈ ਉਤਸ਼ਾਹਿਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਹ ਲੈਬਜ਼ ਅਲਟਰਾਸੌਨਿਕ ਸੈਂਸਰ, ਆਈ.ਆਰ. ਸੈਂਸਰ, ਟੱਚ ਸੈਂਸਰ, ਸਾਊਂਡ ਸੈਂਸਰ, ਏਅਰ ਕੁਆਲਿਟੀ ਸੈਂਸਰ (ਐਮ.ਕਿਊ. 135), ਲਾਈਟ ਸੈਂਸਰ (ਐਲ.ਡੀ.ਆਰ.), ਟੈਂਪਰੇਚਰ ਸੈਂਸਰ (ਐਲ.ਐਮ. 35), ਸੋਇਲ ਸੈਂਸਰ, ਪੀ.ਆਈ.ਆਰ. ਮੋਸ਼ਨ ਸੈਂਸਰ, ਅਲਕੋਹਲ ਸੈਂਸਰ (ਐਮ.ਕਿਊ. 3), ਮੈਟਲ ਟੱਚ ਸੈਂਸਰ, ਕਾਰਬਨ ਮੋਨੋਆਕਸਾਈਡ ਸੈਂਸਰ (ਐਮ.ਕਿਊ. 7), ਆਈ.ਆਰ. ਸੈਂਸਰ, ਰੀਲੇਅ ਸੈਂਸਰ, ਫਲੇਮ ਸੈਂਸਰ, ਕਲਰ ਸੌਰਟਿੰਗ ਸੈਂਸਰ ਅਤੇ ਰੇਨ ਡ੍ਰੌਪ ਸੈਂਸਰ ਨਾਲ ਲੈਸ ਹਨ। ਇਨ੍ਹਾਂ ਲੈਬਜ਼ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਏ.ਆਈ. ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈ.ਓ.ਟੀ.) ਦੀਆਂ ਉੱਭਰਦੀਆਂ ਤਕਨੀਕਾਂ ਉੱਤੇ ਧਿਆਨ ਕੇਂਦਰਤ ਕਰਨ ਵਾਸਤੇ ਕਿੱਟ ਅਤੇ ਕੰਪੋਨੈਂਟਸ ਸਮੇਤ ਹੋਰ ਸਰੋਤਾਂ ਦਾ ਕਾਫ਼ੀ ਲਾਭ ਹੋਵੇਗਾ।

ਇਸ ਪਹਿਲਕਦਮੀ ਨਾਲ ਸੁਨਾਮ ਹਲਕੇ ਵਿੱਚ ਸਿੱਖਿਆ ਦੇ ਖੇਤਰ ‘ਚ ਸਾਰਥਕ ਪ੍ਰਭਾਵ ਪੈਣ ਦੀ ਉਮੀਦ ਹੈ, ਜਿਸ ਨਾਲ ਅਕਾਦਮਿਕ ਉੱਤਮਤਾ ਅਤੇ ਨਵੀਨਤਾ ਵਿੱਚ ਨਵਾਂ ਮਾਪਦੰਡ ਸਥਾਪਤ ਹੋਵੇਗਾ। ਇਸ ਪ੍ਰੋਜੈਕਟ ਲਈ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਫੰਡ ਪ੍ਰਦਾਨ ਕੀਤੇ ਗਏ ਹਨ ਅਤੇ ਇਸ ਨੂੰ ਕਿਊਰੀਅਸ ਲਰਨਿੰਗ ਲੈਬਜ਼, ਗੁੜਗਾਓਂ ਦੀ ਭਾਈਵਾਲੀ ਨਾਲ ਚਲਾਇਆ ਗਿਆ ਹੈ। ਕਿਊਰੀਅਸ ਲਰਨਿੰਗ ਲੈਬਜ਼ ਦੇ ਸੀ.ਈ.ਓ. ਅਤੇ ਸੰਸਥਾਪਕ ਸਾਰੰਗ ਗੰਗਨ  ਨੇ ਕਿਹਾ ਕਿ ਸਾਨੂੰ ਇਸ ਮਹੱਤਵਪੂਰਨ ਅਤੇ ਆਪਣੀ ਕਿਸਮ ਦੀ ਵਿਸ਼ੇਸ਼ ਪਹਿਲਕਦਮੀ ਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਹੋ ਰਿਹਾ ਹੈ, ਜੋ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਦਲ ਰਹੀਆਂ ਤਕਨੀਕਾਂ ਦੇ ਹਾਣੀ ਬਣਨ ਅਤੇ ਭਵਿੱਖ ਲਈ ਤਿਆਰ ਹੋਣ ਲਈ ਹੁਨਰ ਅਤੇ ਨਵੀਨ-ਸੋਚ ਪ੍ਰਦਾਨ ਕਰ ਰਹੀ ਹੈ।

Leave a Reply

Your email address will not be published. Required fields are marked *