ਸੰਨੀ ਇਨਕਲੇਵ ਦੇ ਮੁਖੀ ਜਰਨੈਲ ਸਿੰਘ ਬਾਜਵਾ ਸਮੇਤ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਚੰਡੀਗੜ੍ਹ, 9 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਰਾਜ ਅਪਰਾਧ ਸ਼ਾਖਾ ਨੇ ਰੀਅਲ ਅਸਟੇਟ ਕਾਰੋਬਾਰੀ ਅਤੇ ਸੰਨੀ ਇਨਕਲੇਵ ਦੇ ਮੁਖੀ ਜਰਨੈਲ ਸਿੰਘ ਬਾਜਵਾ ਸਮੇਤ 5 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹੋਰ ਮੁਲਜ਼ਮਾਂ ਵਿੱਚ ਦੀਪਕ ਕੁਮਾਰ, ਸ਼ੈਂਪੀ, ਮਨਬੀਰ ਸਿੰਘ ਅਤੇ ਹਰਵੀਰ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਬਾਜਵਾ ਦੇ ਮੁਲਾਜ਼ਮ ਹਨ। ਇਸ ਸਬੰਧੀ ਸ਼ਿਕਾਇਤ ਸੁੱਚਾ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੀ ਗਈ ਸੀ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 465, 467, 468, 471 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਸੁੱਚਾ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਮੁਹਾਲੀ ਦੇ ਪਿੰਡ ਹਸਨਪੁਰ ਵਿੱਚ ਉਸ ਦੀ ਅੱਠ ਕਨਾਲ ਇੱਕ ਮਰਲੇ ਜ਼ਮੀਨ ਹੈ। ਸਾਲ 2016 ਵਿੱਚ ਬਾਜਵਾ ਡਿਵੈਲਪਰ ਲਿਮਟਿਡ ਨੇ ਜੰਡਪੁਰ, ਹਸਨਪੁਰ ਅਤੇ ਸਿੰਘਪੁਰ ਸੈਕਟਰ-122, 123, 124, 125 ਵਿੱਚ ਮੈਗਾ ਪ੍ਰੋਜੈਕਟ ਲਈ ਅਪਲਾਈ ਕੀਤਾ ਸੀ। ਜਿਸ ਤੋਂ ਬਾਅਦ ਗਮਾਡਾ ਵੱਲੋਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਜਦਕਿ ਉਸ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ।
ਸੁੱਚਾ ਸਿੰਘ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਇਸ ਮੈਗਾ ਪ੍ਰਾਜੈਕਟ ਵਿੱਚ ਗਮਾਡਾ ਅਧਿਕਾਰੀਆਂ ਨੇ ਪਿੰਡ ਸਿੰਘਪੁਰ ਦੀ ਸ਼ਾਮਲਾਟ ਜ਼ਮੀਨ ਈਡਬਲਿਊਐਸ ਫਲੈਟਾਂ ਲਈ ਰਾਖਵੀਂ ਕਰ ਦਿੱਤੀ। ਉਨ੍ਹਾਂ ਦਾ ਦੋਸ਼ ਸੀ ਕਿ ਇਸ ਪ੍ਰਾਜੈਕਟ ਦੀ 3.426 ਏਕੜ ਜ਼ਮੀਨ ਸਿੰਘਪੁਰ ਵਿੱਚ ਸ਼ਾਮਲਾਟ ਹੈ। ਵਿਜੀਲੈਂਸ ਨੇ ਆਪਣੇ ਪੱਧਰ ‘ਤੇ ਇਸ ਦੀ ਜਾਂਚ ਕੀਤੀ।