ਸੀਨੀਅਰ ਸਿਟੀਜਨ ਕੌਂਸਲ ਮੋਰਿੰਡਾ ਨੇ ਸਮਾਗਮ ਕਰਵਾਇਆ
ਮੋਰਿੰਡਾ ,9 ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਮਹੀਨਾਵਾਰ ਮੀਟਿੰਗ ਦਾ ਆਯੋਜਨ, ਖਾਲਸਾ ਗਰਲਜ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਵੱਲੋਂ ਜੁਲਾਈ 2024 ਤੋਂ ਲਾਗੂ ਕੀਤੇ ਗਏ ਨਵੇਂ ਫੌਜਦਾਰੀ ਕਾਨੂੰਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹਨਾਂ ਕਾਨੂੰਨਾਂ ਵਿੱਚ ਅਨੇਕਾਂ ਲੋਕਤੰਤਰ ਵਿਰੋਧੀ ਧਰਾਵਾਂ ਹਨ। ਜਿੱਥੇ ਅੱਜ ਦੇ ਦੌਰ ਦੌਰਾਨ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਕੁਦਰਤੀ ਤੌਰ ਤੇ ਪਾਲਣਾਂ ਕਰਦਿਆਂ ਮੌਤ ਦੀ ਸਜਾ ਤੇ ਪਾਬੰਦੀ ਲਗਾਈ ਜਾ ਰਹੀ ਹੈ ਉੱਥੇ ਨਵੇਂ ਕਾਨੂੰਨਾਂ ਦੀਆਂ ਕੁਝ ਧਰਾਵਾਂ ਵਿੱਚ ਇਸ ਸਜ਼ਾ ਨੂੰ ਭਾਰਤ ਵਿੱਚ ਬਰਕਰਾਰ ਰੱਖਿਆ ਗਿਆ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਸ. ਜਸਪਾਲ ਸਿੰਘ ਮਾਨ ਵੱਲੋਂ ਵੱਧ ਰਹੀਆਂ ਸੜਕੀ ਦੁਰਘਟਨਾਵਾਂ ਅਤੇ ਸਾਵਧਾਨੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉੱਘੀ ਪਹਿਲਵਾਨ ਵਿਨੇਸ਼ ਫੋਗਾਟ ਲਈ ਹਾਅ ਦਾ ਨਾਅਰਾ ਬੁਲੰਦ ਕੀਤਾ ਗਿਆ। ।ਕੌਸਲ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਭਾਟੀਆ ਨੇ ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਵੱਲੋਂ 31 ਅਗਸਤ 2024 ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਤੰਦਰੁਸਤ ਵਿਅਕਤੀ ਖੂਨ ਦੇਣ ਦੇ ਯੋਗ ਹੁੰਦੇ ਹਨ। ਇਸ ਸਮੇਂ ਜਿਹੜੇ ਮੈਬਰਾਂ ਦੇ ਜਨਮ ਦਿਨ ਇਸ ਮਹੀਨੇ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਗੁਰਦੇਵ ਸਿੰਘ ਤੂਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਦੀਸ਼ ਕੁਮਾਰ ਵਰਮਾ, ਪ੍ਰਮਾਤਮਾ ਸਿੰਘ ਢੀਂਡਸਾ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਸਿੱਧੂ ਅਤੇ ਦੂਜੇ ਮੈਂਬਰ ਹਾਜ਼ਰ ਸਨ।