ਪੰਜਾਬ ਪੁਲਿਸ ਦੀ ਐਸ.ਟੀ.ਐਫ. ਟੀਮ ਵੱਲੋਂ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਨਾਲ ਜੁੜੀਆਂ ਜਾਇਦਾਦਾਂ ‘ਤੇ ਛਾਪੇਮਾਰੀ; 6.69 ਕਰੋੜ ਰੁਪਏ ਦੀ ਰਕਮ ਵਾਲੇ 24 ਬੈਂਕ ਖਾਤੇ ਫ੍ਰੀਜ਼

ਚੰਡੀਗੜ੍ਹ ਪੰਜਾਬ


ਪੁਲਿਸ ਟੀਮਾਂ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਛਾਪੇਮਾਰੀ ਦੌਰਾਨ 9.31 ਲੱਖ ਰੁਪਏ, 260 ਗ੍ਰਾਮ ਸੋਨਾ ਅਤੇ 515 ਦਿਰਹਾਮ ਬਰਾਮਦ

ਚੰਡੀਗੜ੍ਹ, 8 ਅਗਸਤ ,ਬੋਲੇ ਪੰਜਾਬ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ਼.) ਨੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 24 ਬੈਂਕ ਖਾਤਿਆਂ, ਜਿਨ੍ਹਾਂ ਵਿੱਚ ਕੁੱਲ 6.69 ਕਰੋੜ ਰੁਪਏ ਜਮ੍ਹਾਂ ਸਨ, ਨੂੰ ਸੀਲ ਕਰ ਦਿੱਤਾ ਅਤੇ ਵੱਡੀ ਨਕਦੀ ਤੇ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਇਹ ਛਾਪੇਮਾਰੀ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ‘ਤੇ ਲੱਗੇ ਦੋਸ਼ਾਂ ਤਹਿਤ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ। ਉਸ ਵਿਰੁੱਧ ਗੈਰ-ਕਾਨੂੰਨੀ ਦਵਾਈਆਂ ਅਤੇ ਮੈਡੀਕਲ ਸਟੋਰਾਂ ਨਾਲ ਸਬੰਧਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕਾਰਵਾਈਆਂ ਵਿੱਚ ਮਦਦ ਕਰਨ ਅਤੇ ਉਸਦੇ ਰਿਸ਼ਤੇਦਾਰਾਂ ਦੇ ਨਾਮ ‘ਤੇ ਬੇਨਾਮੀ ਖਾਤਿਆਂ ਵਿੱਚ ਡਰੱਗ ਮਨੀ ਜਮ੍ਹਾਂ ਕਰਨ ਦਾ ਦੋਸ਼ ਲਗਾਏ ਗਏ ਸਨ। ਇਹ ਛਾਪੇਮਾਰੀ ਬਠਿੰਡਾ, ਮੌੜ ਮੰਡੀ, ਗਿੱਦੜਬਾਹਾ, ਮੋਹਾਲੀ, ਚੰਡੀਗੜ੍ਹ ਅਤੇ ਹਰਿਆਣਾ ਦੇ ਫਤਿਹਾਬਾਦ ਸਮੇਤ ਅੱਠ ਵੱਖ-ਵੱਖ ਥਾਵਾਂ ‘ਤੇ ਕੀਤੀ ਗਈ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਵੱਲੋਂ ਫਰੀਜ਼ ਕੀਤੇ ਗਏ ਬੈਂਕ ਖਾਤੇ ਮੁਲਜ਼ਮ ਡਰੱਗ ਇੰਸਪੈਕਟਰ ਦੇ ਨਾਂ ‘ਤੇ ਸਨ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਂ ‘ਤੇ ਬੇਨਾਮੀ ਖਾਤੇ ਵੀ ਸਨ ਅਤੇ ਇਨ੍ਹਾਂ ਖਾਤਿਆਂ ਦੀ ਕੁੱਲ ਰਕਮ 6.69 ਕਰੋੜ ਰੁਪਏ ਤੱਕ ਜਮ੍ਹਾਂ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ ਹਨ। ਪੁਲਿਸ ਟੀਮਾਂ ਨੂੰ ਇਹਨਾਂ ਖਾਤਿਆਂ ਵਿੱਚ ਗੰਭੀਰ ਵਿੱਤੀ ਬੇਨਿਯਮੀਆਂ ਦਾ ਵੀ ਪਤਾ ਲੱਗਾ ਜਿਸ ਤਹਿਤ ਇਹਨਾਂ ਬੇਨਾਮੀ ਖਾਤਿਆਂ ਵਿੱਚ ਅਕਸਰ ਨਕਦੀ ਜਮ੍ਹਾਂ ਹੁੰਦੀ ਸੀ ਅਤੇ ਮੂਲ ਸਰੋਤ ਨੂੰ ਛੁਪਾਉਣ ਲਈ ਕਈ ਲੈਣ-ਦੇਣ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਐਸਟੀਐਫ ਨੇ ਲਗਭਗ 9.31 ਲੱਖ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ 515 ਦਿਰਹਾਮ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਹਾਸਲ ਕੀਤੀਆਂ ਕਈ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ, ਜਿਸ ਵਿੱਚ ਜ਼ੀਰਕਪੁਰ ਵਿੱਚ 2 ਕਰੋੜ ਰੁਪਏ ਦੇ ਫਲੈਟ, ਡੱਬਵਾਲੀ ਵਿੱਚ 40 ਲੱਖ ਰੁਪਏ ਦੇ ਪਲਾਟ ਸਮੇਤ ਕਈ ਹੋਰ ਜਾਇਦਾਦਾਂ ਸ਼ਾਮਲ ਹਨ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਡਰੱਗ ਇੰਸਪੈਕਟਰ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਬਾਹਰ ਨਸ਼ਾ ਤਸਕਰਾਂ ਦੇ ਨੈਟਵਰਕ ਦੀ ਸਹਾਇਤਾ ਕਰ ਰਿਹਾ ਸੀ। ਜਾਂਚ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਦੋਸ਼ੀ ਡਰੱਗ ਇੰਸਪੈਕਟਰ ਸਰਕਾਰ ਤੋਂ ਇਜਾਜ਼ਤ ਜਾਂ ਐਕਸ-ਇੰਡੀਆ ਲੀਵ ਲਏ ਤੋਂ ਬਿਨਾਂ ਹੀ ਅਕਸਰ ਵਿਦੇਸ਼ੀ ਯਾਤਰਾਵਾਂ ਕਰ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਨਤੀਜਿਆਂ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਐਨਡੀਪੀਐਸ ਐਕਟ ਦੀ ਧਾਰਾ 29 ਤੇ 59 ਅਤੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 111  ਤਹਿਤ ਐਫਆਈਆਰ ਨੰਬਰ 121/2024 ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *