ਐਨ ਐਸ ਕਿਊ ਐਫ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦਾ ਘਿਰਾਓ
ਮੋਹਾਲੀ, 7 ਅਗਸਤ, ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿੱਖਿਆ ਦੇ ਰਹੇ ਸਕਿਊਰਟੀ ਵਿਸ਼ੇ ਦੇ ਅਧਿਆਪਕਾਂ ਵੱਲੋਂ ਆਪਣੇ ਤਿੰਨ ਮਹੀਨਿਆਂ ਦੀ ਤਨਖਾਹ ਅਤੇ ਸਲਾਨਾ 5 ਫੀਸਦੀ ਵਾਧੇ ਦਾ ਏਰੀਅਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਫਤਰ ਦਾ ਘਿਰਾਓ ਕੀਤਾ ਗਿਆ। ਅਧਿਆਪਕ ਆਗੂ ਗੁਰਜੀਤ ਸਿੰਘ, ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2014 ਤੋਂ ਲੈ ਕੇ ਹੁਣ ਤੱਕ ਕਲਾਸ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਪੜ੍ਹਾ ਰਹੇ ਹਨ, ਵੋਕੇਸ਼ਨਲ ਟ੍ਰੇਨਰਾਂ ਨੂੰ ਬਹੁਤ ਘੱਟ ਤਨਖਾਹਾਂ ਅਤੇ ਵੱਖ ਵੱਖ 27 ਆਊਟਸੋਰਸ ਕੰਪਨੀਆਂ ਰਾਹੀਂ ਭਰਤੀ ਕੀਤਾ ਗਿਆ। ਇਹਨਾਂ ਕੰਪਨੀਆ ਵੱਲੋਂ ਵੋਕੇਸ਼ਨਲ ਟ੍ਰੇਨਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਕੰਪਨੀਆਂ ਵਿੱਚ ਆਈ ਸੀ ਐਸ ਐਸ ਕੰਪਨੀ ਦੇ ਮੁਲਾਜ਼ਮਾਂ ਦੀ ਕੰਪਨੀ ਵੱਲੋਂ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਗਈ ਅਤੇ ਸਾਲ 2019 ਦੀਆਂ ਦੋ ਤਨਖਾਹਾਂ ਅਤੇ 5 ਫੀਸਦੀ ਇੰਕਰੀਮੈਂਟ ਅਤੇ ਏਰੀਅਰ ਬਕਾਇਆ ਇਕ ਸਾਲ ਤੋਂ ਉੱਪਰ ਦਾ ਜੋ ਕਿ ਕੰਪਨੀ ਵੱਲੋਂ ਨਹੀਂ ਦਿੱਤਾ ਗਿਆ। ਇਹਨਾਂ ਸਾਰੀਆਂ ਸਮੱਸਿਆਵਾਂ ਬਾਰੇ ਸਿੱਖਿਆ ਮੰਤਰੀ, ਡੀ ਜੀ ਐਸ ਈ, ਐਸ ਪੀ ਡੀ, ਐਨ ਐਸ ਕਿਊ ਐਫ ਡਾਇਰੈਕਟਰ ਨੂੰ ਕਈ ਵਾਰੀ ਜਾਣੂ ਕਰਵਾਇਆ ਗਿਆ ਪ੍ਰੰਤੂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ।ਉਹਨਾਂ ਇਹ ਵੀ ਮੰਗ ਕੀਤੀ ਕਿ ਕੰਪਨੀਆਂ ਨੂੰ ਬਾਹਰ ਕਰਕੇ ਸਮੂਹ ਐਨਐਸ ਕਿਊਐਫ ਵੋਕੇਸ਼ਨਲ ਅਧਿਆਪਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪੱਕਾ ਕੀਤਾ ਜਾਵੇ ਅਤੇ ਗੁਆਂਢੀ ਸੂਬਿਆਂ ਦੀ ਤਰਜ ਤੇ ਉਹਨਾਂ ਦੀ ਤਨਖਾਹ ਕੀਤੀ ਜਾਵੇ, ਪਿਛਲੇ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਅਤੇ ਏਰੀਅਰ ਤੁਰੰਤ ਜਾਰੀ ਕੀਤਾ ਜਾਵੇ ਅਤੇ ਉਹਨਾਂ ਦੀ ਬਦਲੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ।