ਦਹਾਕੇ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਤਰੱਕੀ ਲੈਣ ਦੇ ਹੱਕਦਾਰ ਅਧਿਆਪਕਾਂ ਨੂੰ ਨਹੀਂ ਮਿਲੀ ਤਰੱਕੀ : ਡੀ.ਟੀ.ਐੱਫ.ਪੰਜਾਬ

ਚੰਡੀਗੜ੍ਹ ਪੰਜਾਬ

ਵਿਭਾਗ ਵੱਲੋਂ ਤਰੱਕੀਆਂ ਕਰਕੇ ਰੱਦ ਕਰਨਾ ਅਤੇ ਦੁਬਾਰਾ ਨਾ ਕਰਨਾ ਮਾਨਸਿਕ ਅੱਤਿਆਚਾਰ ਦੇ ਸਮਾਨ: ਡੀ ਟੀ ਐੱਫ

ਚੰਡੀਗੜ੍ਹ, 6 ਅਗਸਤ ,ਬੋਲੇ ਪੰਜਾਬ ਬਿਊਰੋ :

ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲਾਂ (2008, 2012, 2016, 2021-22) ਵਿੱਚ ਹੋਈਆਂ ਤਰੱਕੀਆਂ ਹਾਸਲ ਕਰਨੋਂ ਵਾਂਝੇ ਰਹਿ ਗਏ ਸੀਨੀਅਰ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਲੈਕਚਰਾਰ ਬਣਾਉਣ ਦੇ 12 ਜੁਲਾਈ 2024 ਵਾਲੇ ਆਰਡਰ 14 ਜੁਲਾਈ 2024 ਨੂੰ ਤਕਨੀਕੀ ਕਾਰਣ ਕਹਿੰਦੇ ਹੋਏ ਰੱਦ ਕਰਨ ਅਤੇ ਹਾਲੇ ਤੱਕ ਉਹ ਤਕਨੀਕੀ ਕਾਰਣ ਠੀਕ ਨਾ ਕਰਨ ਬਾਰੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਮਾਸਟਰ ਕਾਡਰ ਵਿੱਚ ਕੰਮ ਕਰਦੇ ਅਧਿਆਪਕ ਲੰਬੇ ਸਮੇਂ ਤੋਂ ਆਪਣੀਆਂ ਤਰੱਕੀਆਂ ਦੀ ਉਡੀਕਦੇ ਅਧਿਆਪਕਾਂ ਨੂੰ 12 ਜੁਲਾਈ ਨੂੰ ਉਡੀਕ ਖਤਮ ਹੋਣ ਦੀ ਆਸ ਬੱਝੀ ਸੀ। ਪਰ ਇੰਨ੍ਹਾਂ ਤਰੱਕੀਆਂ ਦੇ ਆਰਡਰਾਂ ਨੂੰ ਤਕਨੀਕੀ ਕਾਰਣਾਂ ਦਾ ਬਹਾਨਾ ਬਣਾ ਕੇ ਰੱਦ ਕਰਨਾ ਉਨ੍ਹਾਂ ਸਾਰੇ ਸੀਨੀਅਰ ਅਧਿਆਪਕਾਂ ਨਾਲ ਮਾਨਸਿਕ ਅੱਤਿਆਚਾਰ ਕਰਨ ਦੇ ਸਮਾਨ ਹੈ ਜੋ ਦਹਾਕੇ ਡੇਢ ਦਹਾਕੇ ਪਹਿਲਾਂ (2008, 2012, 2016 ਅਤੇ 2021-22 ਵਿੱਚ) ਹੋਈਆਂ ਤਰੱਕੀਆਂ ਵਿੱਚ ਲੈਕਚਰਾਰ ਬਣਨ ਲਈ ਯੋਗ ਸਨ।ਇੰਨ੍ਹਾਂ ਉਡੀਕਵਾਨ ਅਧਿਆਪਕਾਂ ਵਿੱਚੋਂ ਕਈ ਅਧਿਆਪਕ 31 ਜੁਲਾਈ ਨੂੰ ਸੇਵਾ ਮੁਕਤ (Retire) ਹੋ ਗਏ। ਡੀ ਟੀ ਐੱਫ ਦੇ ਆਗੂਆਂ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਇਹ ਬਦਲਾਅ ਲਿਆਂਦਾ ਹੈ ਕਿ ਉਨ੍ਹਾਂ ਦੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਤਰੱਕੀਆਂ ਤੇ ਪੂਰਨ ਵਿਰਾਮ ਲਾ ਰੱਖਿਆ ਹੈ ਅਤੇ ਤਰੱਕੀਆਂ ਉਡੀਕਦੇ ਅਧਿਆਪਕ ਦਿਨੋਂ ਦਿਨ ਬਿਨਾਂ ਤਰੱਕੀ ਦੇ ਹੀ ਸੇਵਾ ਮੁਕਤ ਹੋ ਰਹੇ ਹਨ। ਪੰਜਾਬ ਸਰਕਾਰ ਦੁਆਰਾ ਲਿਆਂਦੇ ਇਸ ਬਦਲਾਅ ਕਾਰਣ ਵਿਭਾਗ ਵੱਲੋਂ ਤਰੱਕੀਆਂ ਲਈ ਬਣਾਇਆ ਗਿਆ ‘ਪ੍ਰਮੋਸ਼ਨ ਸੈੱਲ’ ਅਸਲ ਵਿੱਚ ‘ਪ੍ਰਮੋਸ਼ਨ ਰੋਕੂ ਸੈੱਲ’ ਸਾਬਤ ਹੋ ਰਿਹਾ ਹੈ।

ਡੀ.ਟੀ.ਐੱਫ.ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤਰੱਕੀਆਂ ਵਿੱਚ ਅੜਿੱਕਾ ਬਣਨ ਵਾਲੇ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਘੁਰਕੀ ਦੇਣ ਦਾ ਸਿਰਫ਼ ਦਿਖਾਵਾ ਹੀ ਕਰਦੇ ਹਨ ਜਦਕਿ ਸਿੱਖਿਆ ਵਿਭਾਗ ਵਿੱਚ ਤਰੱਕੀਆਂ ਵਾਲਾ ‘ਪਰਨਾਲਾ ਉੱਥੇ ਦਾ ਉੱਥੇ’ ਹੀ ਹੈ। ਇਸੇ ਤਰ੍ਹਾਂ ਹਰਜੋਤ ਸਿੰਘ ਸਿੱਖਿਆ ਮੰਤਰੀ ਪੰਜਾਬ ਸਿੱਖਿਆ ਸੁਧਾਰਾਂ ਦੇ ਦਾਅਵੇ ਤਾਂ ਬੜੇ ਕਰਦੇ ਹਨ ਪਰ ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਕਾਰਣ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਤਰੱਕੀਆਂ ਦਾ ਮਸਲਾ ਖਟਾਈ ਵਿੱਚ ਪਿਆ ਹੋਇਆ ਹੈ। ਡੀ ਟੀ ਐੱਫ ਦੇ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਹਰ ਕਾਡਰ ਦੀਆਂ ਪੈਡਿੰਗ ਤਰੱਕੀਆਂ ਜਲਦ ਤੋਂ ਜਲਦ ਕੀਤੀਆਂ ਜਾਣ ।

Leave a Reply

Your email address will not be published. Required fields are marked *