ਕਾਇਦਾ – ਏ – ਬੋਲੀ – ਕਾਇਦਾ-ਏ-ਨੂਰ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਪੜਾਉਣ ਲਈ ‘ਕਾਇਦਾ ਏ-ਨੂਰ’ ਤਿਆਰ ਕਰਵਾਇਆ ਸੀ। ਉਸ ਕਾਇਦੇ ਵਿਚ ਗੁਰਮੁਖੀ, ਸ਼ਾਹਮੁੱਖੀ, ਫ਼ਾਰਸੀ, ਉਰਦੂ ਲਿੱਪੀ ਤੇ ਹਿਸਾਬ ਸਿੱਖਣ ਦੇ ਮੁੱਢਲੇ ਢੰਗ -ਤਰੀਕੇ ਸਨ। ਲੰਬੜਦਾਰਾਂ ਨੂੰ ਤਾਕੀਦ ਸੀ ਕਿ ਉਹ ਇਸ ਕਾਇਦੇ’ ਨੂੰ ਤਿੰਨ ਮਹੀਨੇ ਵਿਚ ਪੜ੍ਹਣ ਅਤੇ ਅਗੇ ਹੋਰ ਕਾਇਦੇ ਦੀਆਂ ਪੰਜ ਕਾਪੀਆਂ ਲਿਖ ਕੇ ਪਿੰਡ ਦੇ ਪੰਜ ਵਿਅਕਤੀਆਂ ਨੂੰ ਦੇਣ। ਇਸ ਤਰੀਕੇ ਨਾਲ ਕੁਝ ਸਾਲਾਂ ਵਿਚ ਹੀ ਲਾਹੌਰ ਇਲਾਕੇ ਦੇ ਵਿਚ 87 ਫ਼ੀਸਦੀ ਫ਼ਾਰਸੀ ਵਿੱਚ ਅਰਜ਼ੀ ਲਿਖਣ ਯੋਗ ਹੋ ਗਏ ਸਨ। ਪੰਜਾਬ ਰਾਜ ਦੇ ਹੋਰ ਹਿੱਸਿਆਂ ਵਿਚ ਵੀ 78 ਫ਼ੀਸਦੀ ਲੋਕ ਪੜ੍ਹ ਗਏ ਸਨ। ਲੜਕੀਆਂ ਲਈ ਇਹ ਕਾਇਦਾ ਪੜ੍ਹਣਾ ਲਾਜ਼ਮੀ ਸੀ ਜਿਸ ਕਰਕੇ ਉਸ ਸਮੇਂ ਦੀਆਂ ਸਾਰੀਆਂ ਹੀ ਲੜਕੀਆਂ ਪੜ੍ਹ ਗਈਆਂ ਸਨ। ਜਿਸ ਲੰਬੜਦਾਰ ਨੇ ਤਿੰਨ ਮਹੀਨੇ ਵਿਚ ‘ਕਾਇਦਾ-ਏ-ਨੂਰ’ ਨਹੀਂ ਪੜ੍ਹਿਆ ਅਤੇ ਅੱਗੇ ਕਾਪੀਆਂ ਨਹੀਂ ਭੇਜੀਆਂ, ਉਸ ਨੂੰ ਲੰਬੜਦਾਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਂਦਾ ਸੀ। ‘ਕਾਇਦਾ-ਏ-ਨੂਰ’ ਦਾ ਵਰਨਣ ਬਿਟ੍ਰਿਸ ਇਤਿਹਾਸਕਾਰ ਡਾਕਟਰ ਜੀ. ਡਬਲਯੂ. ਲਿਟਨਰ (Dr G. W Leitner) ਨੇ ਆਪਣੀ ਕਿਤਾਬ “History of Indigeneous education in the Punjab 1881” ਵਿੱਚ ਜ਼ਿਕਰ ਕੀਤਾ ਹੈ। 1857 ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਪੰਜਾਬੀਆਂ ਦੇ ਹਥਿਆਰ ਅਤੇ ‘ਕਾਇਦਾ-ਏ-ਨੂਰ’ ਇਕੱਠੇ ਕਰਕੇ ਖ਼ਤਮ ਕਰ ਦਿੱਤੇ ਸੀ। ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਹਥਿਆਰ ਮੋੜਣ ਵਾਲੇ ਨੂੰ 2 ਆਨੇ ਤੇ ‘ਕਾਇਦਾ-ਏ-ਨੂਰ’ ਮੋੜਣ ਵਾਲੇ ਨੂੰ 6 ਆਨੇ ਦਿੱਤੇ ਜਾਂਦੇ ਸੀ। ਅੰਗਰੇਜ਼ਾਂ ਨੇ ‘ਕਾਇਦਾ-ਏ-ਨੂਰ’ ਦੀਆਂ ਕਾਪੀਆਂ ਸ਼ਾਇਦ ਇਸ ਲਈ ਗਾਇਬ ਕਰ ਦਿੱਤੀਆਂ ਜਾਂ ਜਲਾ ਦਿੱਤੀਆਂ ਸਨ ਕਿਉਂਕਿ ਬ੍ਰਿਟਿਸ਼ ਆਪਣੀ ਭਾਸ਼ਾ ਅੰਗਰੇਜ਼ੀ ਪੜ੍ਹਾਉਣਾ ਚਾਹੁੰਦੇ ਸਨ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਹੋਣ ਦੇ 35 ਸਾਲ ਬਾਅਦ ਪੜ੍ਹੇ ਹੋਏ ਲੋਕਾਂ ਦੀ ਗਿਣਤੀ ਅੱਧੀ ਰਹਿ ਗਈ ਸੀ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੁਨੀਆ ਦੇ ਬਾਕੀ ਲੋਕਾਂ ਨਾਲੋਂ ਪੰਜਾਬੀ ਜ਼ਿਆਦਾ ਪੜ੍ਹੇ ਲਿਖੇ ਸੀ। ‘ਕਾਇਦਾ-ਏ-ਨੂਰ’ ਦੀ ਮਹੱਤਤਾ ਇਸ ਕਰਕੇ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਮਾਂ-ਬੋਲੀ ਵਿਚ ਸੌਖਾ ਜਿਹਾ ‘ਕਾਇਦਾ’ ਬਣਾ ਕੇ ਲੋਕਾਂ ਨੂੰ ਗੁਰਮੁੱਖੀ, ਸ਼ਾਹਮੁੱਖੀ, ਉਰਦੂ, ਫ਼ਾਰਸੀ ਤੇ ਰੋਜ਼ਾਨਾ ਹਿਸਾਬ ਕਿਤਾਬ ਕਰਨ ਯੋਗ ਬਣਾ ਦਿੱਤਾ ਸੀ।
ਅੱਜ ਵੀ ਪੰਜਾਬੀਆਂ ਨੂੰ ਸਿੱਖਿਅਤ ਕਰਨ ਲਈ ‘ਕਾਇਦਾ-ਏ-ਨੂਰ’ ਵਰਗੀ ਕਿਤਾਬ ਹੋਣੀ ਚਾਹੀਦੀ ਹੈ। ਇਸ ਲਈ ‘ਜਗਤ ਪੰਜਾਬੀ ਸਭਾ ਵੱਲੋਂ “ਕਾਇਦਾ-ਏ-ਨੂਰ ਇੱਕੀਵੀਂ ਸਦੀ” ਨੂੰ ਬੁਨਿਆਦੀ ਸਿੱਖਿਆ ਦੇਣ ਲਈ ਛਾਪਿਆ ਗਿਆ ਹੈ।ਇਸ ਕਾਇਦੇ ਦੀ ਸਹਾਇਤਾ ਨਾਲ ਚਾਰ ਭਾਸ਼ਾਵਾਂ ਗੁਰਮੁੱਖੀ, ਸ਼ਾਹਮੁੱਖੀ, ਅੰਗਰੇਜ਼ੀ ਤੇ ਹਿੰਦੀ ਆਸਾਨੀ ਨਾਲ ਛੇਤੀ ਸਿੱਖੀਆਂ ਜਾ ਸਕਦੀਆਂ ਹਨ। ਇੱਕ ਵਿਅਕਤੀ ਨੂੰ ਜੇਕਰ ਗੁਰਮੁੱਖੀ, ਸ਼ਾਹਮੁੱਖੀ, ਅੰਗਰੇਜ਼ੀ ਤੇ ਹਿੰਦੀ ਵਿੱਚੋਂ ਇੱਕ ਭਾਸ਼ਾ ਵੀ ਚੰਗੀ ਤਰ੍ਹਾਂ ਆਉਂਦੀ ਹੋਵੇ ਤਾਂ ਉਹ ਦੂਸਰੀਆਂ ਭਾਸ਼ਾਵਾਂ ਨੂੰ ਬਹੁਤ ਛੇਤੀ ਤੇ ਸੌਖਾ ਸਿੱਖ ਲਏਗਾ। ਇਸ ਕਾਇਦੇ ਵਿਚ ਨੈਤਿਕ ਗੁਣਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। “ਕਾਇਦਾ ਏ ਨੂਰ ਇੱਕੀਵੀਂ ਸਦੀ” ਨੂੰ ਪੜ੍ਹਨ ਤੇ ਸਮਝਣ ਵਾਲੇ ਇਨਸਾਨ ਨੂੰ ਪੜ੍ਹਿਆ ਲਿਖਿਆ ਸਮਝਿਆ ਜਾਵੇਗਾ। ਇਸ ਕਾਇਦੇ ਨਾਲ ਹਰੇਕ ਪੰਜਾਬੀ ਲੋੜੀਂਦੀ ਸਿੱਖਿਆ ਲੈ ਕੇ ਆਪਣਾ ਵਧੀਆ ਢੰਗ ਨਾਲ ਜੀਵਨ ਬਤੀਤ ਕਰ ਸਕੇਗਾ। ‘ਕਾਇਦਾ-ਏ-ਨੂਰ ਇੱਕੀਵੀਂ ਸਦੀ’ ਪੰਜਾਬੀਆਂ ਵਿਚ ਸੌਖੇ ਢੰਗ ਨਾਲ ਵਿੱਦਿਆ ਦੇ ਕੇ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਵੇਗਾ।
ਡਾ. ਅਜੈਬ ਸਿੰਘ ਚੱਠਾ
ਚੇਅਰਮੈਨ
ਜਗਤ ਪੰਜਾਬੀ ਸਭਾ ਕਨੇਡਾ