ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ
ਗਿੱਦੜਬਾਹਾ, 6 ਅਗਸਤ, ਬੋਲੇ ਪੰਜਾਬ ਬਿਊਰੋ :
ਮੁਕਤਸਰ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਦੋਵੇਂ ਭਰਾ ਘਰ ਤੋਂ ਖੇਡਣ ਗਏ ਸੀ। ਦੋਵਾਂ ਬੱਚਿਆਂ ਦੀ ਉਮਰ 8 ਤੇ 9 ਸਾਲ ਦੱਸੀ ਜਾ ਰਹੀ ਹੈ।ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਓ ਨੂੰ ਕਬਜ਼ੇ ਵਿੱਚ ਲੈ ਲਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਸ ਦੇ ਦੋਵੇਂ ਭਤੀਜੇ ਬੀਤੀ ਸ਼ਾਮ ਘਰੋਂ ਇਲਾਕੇ ਦੇ ਬੱਚਿਆਂ ਨਾਲ ਖੇਡਣ ਲਈ ਨਿਕਲੇ ਸਨ। ਪਰ ਦੇਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਮਿਲਿਆ।
ਸੋਮਵਾਰ ਸਵੇਰੇ ਜਦੋਂ ਉਹ ਪਿਓਰੀ ਫਾਟਕ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਨਤਮਸਤਕ ਹੋਣ ਲਈ ਗਿਆ ਤਾਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਸਰੋਵਰ ‘ਚ ਤੈਰ ਰਹੀਆਂ ਸਨ। ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।