ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਦੋ ਪੁਰਾਣੇ ਘਰ ਅਚਾਨਕ ਢਹੇ, ਇਕ ਔਰਤ ਦੀ ਮੌਤ, 7 ਲੋਕ ਜ਼ਖਮੀ
ਵਾਰਾਣਸੀ, 6 ਅਗਸਤ, ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਘਟਨਾ ਵਾਪਰੀ। ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਦੋ ਪੁਰਾਣੇ ਘਰ ਅਚਾਨਕ ਢਹਿ ਗਏ। ਇਸ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਇਹ ਘਟਨਾ ਵਾਰਾਣਸੀ ਦੇ ਚੌਕ ਇਲਾਕੇ ਦੀ ਖੋਆ ਗਲੀ ਵਿੱਚ ਵਾਪਰੀ। ਦੋਵੇਂ ਮਕਾਨ ਕਾਫੀ ਪੁਰਾਣੇ ਸਨ ਅਤੇ ਇਨ੍ਹਾਂ ਦੇ ਢਹਿ ਜਾਣ ਕਾਰਨ ਮਲਬੇ ਹੇਠਾਂ 9 ਲੋਕ ਦੱਬ ਗਏ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀ ਟੀਮ ਨੇ ਤੁਰੰਤ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਾਰੇ ਲੋਕਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।
ਵਾਰਾਣਸੀ ਦੇ ਡਿਵੀਜ਼ਨਲ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਇਕ ਘਰ ਦੇ ਸਾਰੇ ਲੋਕ ਸਹੀ ਸਲਾਮਤ ਬਾਹਰ ਆ ਚੁੱਕੇ ਹਨ, ਜਦਕਿ ਦੂਜੇ ਘਰ ‘ਚ 7 ਲੋਕ ਫਸੇ ਹੋਏ ਸਨ। ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਅਤੇ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਦੋਵੇਂ ਘਰ ਕਰੀਬ 70-80 ਸਾਲ ਪੁਰਾਣੇ ਸਨ। ਉਪਰਲੀ ਮੰਜ਼ਿਲ ਢਹਿ ਗਈ, ਪਰ ਹੇਠਲੀਆਂ ਮੰਜ਼ਿਲਾਂ ਸੁਰੱਖਿਅਤ ਹਨ।