ਲੁਧਿਆਣਾ ਤੋਂ ਕੈਦੀਆਂ ਨੂੰ ਭੇਜਿਆ ਜਾ ਰਿਹਾ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ
ਲੁਧਿਆਣਾ, 5 ਅਗਸਤ,ਬੋਲੇ ਪੰਜਾਬ ਬਿਊਰੋ :
ਪਿਛਲੇ 13 ਦਿਨਾਂ ਤੋਂ ਤਾਜਪੁਰ ਰੋਡ ਕੇਂਦਰੀ ਜੇਲ੍ਹ ਲੁਧਿਆਣਾ ‘ਚ ਆਉਣ ਵਾਲੇ ਨਵੇਂ ਕੈਦੀਆਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ ‘ਚ ਭੇਜਿਆ ਜਾ ਰਿਹਾ ਹੈ ਕਿਉਂਕਿ ਕੇਂਦਰੀ ਜੇਲ ‘ਚ ਬੈਰਕਾਂ ਦੀ ਗਿਣਤੀ ਘੱਟ ਹੋਣ ਕਾਰਨ ਬੰਦੀਆਂ ਦੀ ਗਿਣਤੀ ਜ਼ਿਆਦਾ ਹੈ। ਏਡੀਜੀਪੀ (ਜੇਲ੍ਹ) ਨੇ ਇਹ ਹਦਾਇਤਾਂ 22 ਜੁਲਾਈ 2024 ਤੋਂ 31 ਅਕਤੂਬਰ 2024 ਤੱਕ ਜੇਲ੍ਹ ਸੁਪਰਡੈਂਟ ਨੂੰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ 4600 ਦੇ ਕਰੀਬ ਹੈ। ਇੱਥੇ 21 ਵੱਡੀਆਂ ਬੈਰਕਾਂ ਅਤੇ ਲਗਭਗ 20 ਛੋਟੀਆਂ ਬੈਰਕਾਂ ਹਨ।
ਕਈ ਕੈਦੀਆਂ ਨੂੰ ਤਾਂ ਹਸਪਤਾਲ ਵਿੱਚ ਵੀ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਈ ਸਕਿਓਰਿਟੀ ਜ਼ੋਨ ਸੈੱਲ ਬਲਾਕ ਵਿੱਚ ਵੀ ਕੈਦੀਆਂ ਦੀ ਗਿਣਤੀ ਰੱਖੀ ਹੋਈ ਹੈ। ਸੂਤਰਾਂ ਅਨੁਸਾਰ ਬੈਰਕਾਂ ਵਿੱਚ ਕੈਦੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਵਾਰ ਝੜਪਾਂ ਵੀ ਹੋ ਜਾਂਦੀਆਂ ਹਨ। ਜੇਲ੍ਹ ਵਿੱਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਅਧਿਕਾਰੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।