ਬੰਗਲਾਦੇਸ਼ ‘ਚ ਹਿੰਸਾ, 14 ਪੁਲਸ ਕਰਮਚਾਰੀਆਂ ਸਮੇਤ 93 ਲੋਕਾਂ ਦੀ ਮੌਤ, ਭਾਰਤ ਵੱਲੋਂ ਆਪਣੇ ਨਾਗਰਿਕਾਂ ਲਈ ਅਡਵਾਈਜਰੀ ਜਾਰੀ
ਢਾਕਾ, 5 ਅਗਸਤ, ਬੋਲੇ ਪੰਜਾਬ ਬਿਊਰੋ :
ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਅਵਾਮੀ ਲੀਗ ਦੇ ਸਮਰਥਕਾਂ ਵਿਚਾਲੇ ਐਤਵਾਰ ਨੂੰ ਭਿਆਨਕ ਝੜਪਾਂ ‘ਚ 14 ਪੁਲਸ ਕਰਮਚਾਰੀਆਂ ਸਮੇਤ ਘੱਟੋ-ਘੱਟ 93 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਹੋਰ ਜ਼ਖਮੀ ਹੋ ਗਏ। ਇਸ ਕਾਰਨ ਅਧਿਕਾਰੀਆਂ ਨੇ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਅਤੇ ਦੇਸ਼ ਭਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ।
ਬੰਗਲਾਦੇਸ਼ ਵਿੱਚ ਜਾਰੀ ਹਿੰਸਾ ਦੇ ਵਿਚਕਾਰ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸਖ਼ਤੀ ਨਾਲ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੇ ਹੁਕਮਾਂ ਤੱਕ ਬੰਗਲਾਦੇਸ਼ ਦੀ ਯਾਤਰਾ ਨਾ ਕਰਨ। ਬੰਗਲਾਦੇਸ਼ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਬਹੁਤ ਸਾਵਧਾਨੀ ਵਰਤਣ, ਆਪਣੀਆਂ ਹਰਕਤਾਂ ਨੂੰ ਸੀਮਤ ਕਰਨ ਅਤੇ ਐਮਰਜੈਂਸੀ ਫੋਨ ਨੰਬਰ 8801958383679, 8801958383680, 8801937400591 ਰਾਹੀਂ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।