ਜਮੀਨ ਦੀ ਕਾਣੀ ਵੰਡ ਖਿਲਾਫ ਦਲਿਤ ਮੁਕਤੀ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ
ਸੰਗਰੂਰ,5, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਕਮੇਟੀ ਦੀ ਵਿਸਥਾਰੀ ਮੀਟਿੰਗ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਕੀਤੀ ਗਈ ਜਿੱਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾਂ ਨੇ ਕਿਹਾ ਕਿ ਦੇਸ਼ ਅੰਦਰ ਜਮੀਨ ਦੀ ਕਾਣੀ ਵੰਡ ਹੈ ਜਿਸ ਵਿੱਚ ਦਲਿਤ ਭਾਈਚਾਰੇ ਦੇ ਲੋਕ ਬਿਲਕੁਲ ਹਾਸ਼ੀਏ ਉੱਪਰ ਆਉਂਦੇ ਹਨ ਉਹਨਾਂ ਕਿਹਾ ਕਿ ਵੱਖ-ਵੱਖ ਸਮੇਂ ਤੇ ਭਾਵੇਂ ਦੇਸ਼ ਅੰਦਰ ਦੋ ਵਾਰ ਭੂਮੀ ਸੁਧਾਰ ਹੋਏ ਅਤੇ ਕਾਨੂੰਨ ਬਣਾਏ ਗਏ ਪ੍ਰੰਤੂ ਉਹਨਾਂ ਕਾਨੂੰਨਾਂ ਮੁਤਾਬਿਕ ਜਮੀਨ ਦੀ ਵੰਡ ਬੇਜ਼ਮੀਨੇ ਲੋਕਾਂ ਵਿੱਚ ਕਰਨ ਦੀ ਬਜਾਏ ਚੋਰ ਮੋਰੀਆਂ ਰਾਹੀਂ ਜਮੀਨਾਂ ਵੱਡੇ ਭੂਮੀਪਤੀਆਂ ਨੇ ਆਪਣੇ ਕਬਜ਼ੇ ਹੇਠ ਹੀ ਰੱਖੀਆਂ ਹੋਈਆਂ ਹਨ ਉਹਨਾਂ ਪੰਜਾਬ ਸਰਕਾਰ ਉੱਪਰ ਦਲਤਾਂ ਨਾਲ ਜਾਤੀ ਬਿਤਕਰੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਵਾਧੂ ਜਮੀਨਾਂ ਦਲਤਾਂ ਅਤੇ ਬੇਜ਼ਮੀਨੇ ਲੋਕਾਂ ਨੂੰ ਦੇਣ ਦੀ ਗੱਲ ਤਾਂ ਦੂਰ ਪੰਚਾਇਤੀ ਜਮੀਨਾਂ ਵਿੱਚੋਂ ਕਾਨੂੰਨਨ ਬਣਦਾ ਤੀਜਾ ਹਿੱਸਾ ਲੈਣ ਲਈ ਵੀ ਦਲਿਤਾਂ ਨੂੰ ਝੂਠੇ ਪਰਚੇ ਜੇਲਾਂ ਪੇਂਡੂ ਧਨਾੜ ਚੌਧਰੀਆਂ ਅਤੇ ਪੁਲਿਸ ਦੀ ਕੁੱਟ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ। 1956 ਵਿੱਚ ਦਲਤਾਂ ਨੂੰ ਮਿਲੀਆਂ ਨਜ਼ੂਲ ਜਮੀਨਾਂ ਦੇ ਮਾਲਕੀ ਹੱਕ ਦੇਣ ਦੀ ਬਜਾਏ ਉਸ ਉੱਪਰ ਰੋਕ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਸਬੰਧੀ ਸਾਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਵੀ ਰਜਿਸਟਰੀ ਜਾਰੀ ਕਰਨ ਤੋ ਟਾਲਾ ਵੱਟਿਆ ਜਾ ਰਿਹਾ ਹੈ। ਪੰਜਾਬ ਅੰਦਰ ਰੋਜ਼ ਦਲਿਤਾਂ ਨੂੰ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੋਵੈਸਨਲ ਗੌਰਮੈਂਟ ਦੀਆਂ ਦਲਿਤਾਂ ਨੂੰ ਅਲਾਟ ਹੋਈਆਂ ਜਮੀਨਾਂ ਦੀ ਉੱਪਰੋਂ ਨਜਾਇਜ਼ ਕਬਜ਼ੇ ਹਟਾਉਣ ਉੱਪਰ 20 ਪੰਜਾਬ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਮਹਿੰਗਾਈ ਸਿਖਰਾਂ ਤੇ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਮਜ਼ਦੂਰਾਂ ਦੀ ਦਿਹਾੜੀ ਦਾ ਰੇਟ ਮਹਿੰਗਾਈ ਮੁਤਾਬਕ ਵਧਾਉਣ ਨੂੰ ਤਿਆਰ ਨਹੀਂ। ਇਸ ਮੌਕੇ ਜੋਨਲ ਵਿੱਤ ਸਕੱਤਰ ਬਿਕਰ ਸਿੰਘ ਹਥੋਆ ਅਤੇ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਲਿਤਾਂ ਨਾਲ ਕੀਤੇ ਜਾ ਰਹੇ ਇਸ ਮਤਰੇਈ ਮਾਂ ਵਾਲੇ ਵਿਵਹਾਰ ਦੇ ਖਿਲਾਫ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਦਾ ਵੱਡਾ ਬਿਗਲ ਵਜਾਉਣ ਅਤੇ ਜਮੀਨ ਦੀ ਕਾਣੀ ਵੰਡ ਖਿਲਾਫ ਘੋਲ ਨੂੰ ਤੇਜ਼ ਕਰਨ ਲਈ 20 ਅਗਸਤ ਤੋਂ ਦਲਿਤ ਮੁਕਤੀ ਮਾਰਚ ਰਾਹੀਂ ਵਿਸ਼ਾਲ ਲਾਮਮੰਦੀ ਕਰਨ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਸੰਗਰੂਰ ਪਟਿਆਲਾ ਬਰਨਾਲਾ ਲੁਧਿਆਣਾ ਅਤੇ ਮਲੇਰਕੋਟਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਸ਼ਾਮਿਲ ਹੋਏ ਆਗੂਆਂ ਨੇ ਮਾਰਚ ਨੂੰ ਸਫਲ ਬਣਾਉਣ ਲਈ ਇਲਾਕਾ ਪੱਧਰੀ ਮੀਟਿੰਗਾਂ ਕਰਕੇ ਪਿੰਡਾਂ ਵਿੱਚ ਮਾਰਚ ਦੇ ਸਵਾਗਤ ਲੰਗਰ ਅਤੇ ਵੱਖ ਵੱਖ ਪੜਾਵਾਂ ਲਈ ਤਿਆਰੀ ਕਰਨ ਦਾ ਵਿਸ਼ਵਾਸ ਦਿੱਤਾ।
ਇਸ ਮੌਕੇ ਉਪਰੋਕਤ ਤੋਂ ਬਿਨਾਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਜਗਤਾਰ ਸਿੰਘ ਤੋਲੇਵਾਲ ਸ਼ਿੰਗਾਰਾ ਸਿੰਘ ਹੇੜੀਕੇ ਧਰਮਪਾਲ ਨੂਰਖੇੜੀਆਂ ਗੁਰਵਿੰਦਰ ਸ਼ਾਦੀਹਰੀ ਗੁਰਦਾਸ ਜਲੂਰ ਗੁਰਚਰਨ ਸਿੰਘ ਘਰਾਚੋਂ ਜਸਬੀਰ ਕੌਰ ਹੇੜੀਕੇ ਆਦਿ ਨੇ ਸੰਬੋਧਨ ਕੀਤਾ।