ਇੱਕ ਹੀ ਰਾਤ ‘ਚ ਕਿਸਾਨਾਂ ਦੇ ਟਿਊਬਵੈੱਲਾਂ ‘ਤੇ ਲੱਗੇ 5 ਟਰਾਂਸਫਾਰਮਰ ਚੋਰੀ
ਗੜ੍ਹਸ਼ੰਕਰ, 5 ਅਗਸਤ, ਬੋਲੇ ਪੰਜਾਬ ਬਿਊਰੋ :
ਗੜ੍ਹਸ਼ੰਕਰ ਦੇ ਪਿੰਡ ਚਹਿਲਪੁਰ ਅਤੇ ਮੌਲਾ ਵਾਹਿਦਪੁਰ ਦੇ ਖੇਤਾਂ ‘ਚ ਰਾਤ ਸਮੇਂ ਅਣਪਛਾਤੇ ਚੋਰਾਂ ਵੱਲੋਂ ਟਿਊਬਵੈੱਲਾਂ ‘ਤੇ ਲੱਗੇ 5 ਟਰਾਂਸਫਾਰਮਰ ਚੋਰੀ ਕਰ ਲਏ ਜਾਣ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ ਹੈ। ਇਸ ਚੋਰੀ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਜਦੋਂ ਉਨ੍ਹਾਂ ਆਪਣੇ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਟਿਊਬਵੈੱਲ ਬੰਦ ਪਏ ਸਨ ਅਤੇ ਬਿਜਲੀ ਦੇ ਖੰਭਿਆਂ ’ਤੇ ਲੱਗੇ ਟਰਾਂਸਫਾਰਮਰ ਚੋਰੀ ਹੋ ਚੁੱਕੇ ਸਨ। ਲੋਕਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਬਿਜਲੀ ਦੇ ਖੰਭਿਆਂ ‘ਤੇ ਹਾਈ ਵੋਲਟੇਜ ਦਾ ਕਰੰਟ ਹੈ ਅਤੇ ਚੋਰਾਂ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਇੰਨੀ ਵੱਡੀ ਗਿਣਤੀ ‘ਚ ਟਰਾਂਸਫਾਰਮਰ ਅਤੇ ਉਨ੍ਹਾਂ ਦਾ ਸਮਾਨ ਚੋਰੀ ਕਰ ਲਿਆ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਬਰਪੱਗਾ, ਓਮਕਾਰ ਸਿੰਘ ਚਹਿਲਪੁਰੀ, ਗੁਰਬਖਸ਼ ਸਿੰਘ, ਚਰਨਜੀਤ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਇਕਬਾਲ ਸਿੰਘ ਅਤੇ ਜਸਵਿੰਦਰ ਸਿੰਘ ਚਹਿਲਪੁਰ ਅਤੇ ਮੌਲਾ ਵਾਹਿਦਪੁਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵਿਚ ਆਏ ਤਾਂ ਦੇਖਿਆ ਕਿ ਉਨ੍ਹਾਂ ਦੇ ਟਿਊਬਵੈੱਲ ਬੰਦ ਸਨ।
ਉਨ੍ਹਾਂ ਦੇਖਿਆ ਕਿ ਚੋਰਾਂ ਵੱਲੋਂ ਬਿਜਲੀ ਦੇ ਖੰਭਿਆਂ ‘ਤੇ ਲਗਾਏ ਗਏ ਕਰੀਬ 5 ਟਰਾਂਸਫਾਰਮਰ ਅਤੇ ਉਨ੍ਹਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਨਸ਼ੇੜੀਆਂ ਦਾ ਬੋਲਬਾਲਾ ਹੈ ਅਤੇ ਉਹ ਹਰ ਰੋਜ਼ ਲੋਕਾਂ ਦਾ ਸਾਮਾਨ ਚੋਰੀ ਕਰਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਚੋਰੀ ਹੋਏ ਟਰਾਂਸਫ਼ਾਰਮਰ ਨੂੰ ਬਦਲ ਕੇ ਕੋਈ ਹੋਰ ਟਰਾਂਸਫ਼ਾਰਮਰ ਲਗਾਇਆ ਜਾਵੇ ਤਾਂ ਜੋ ਖੇਤਾਂ ‘ਚ ਬੀਜੀਆਂ ਫ਼ਸਲਾਂ ਨੂੰ ਪਾਣੀ ਮਿਲ ਸਕੇ।ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲੀਸ ਅਤੇ ਬਿਜਲੀ ਵਿਭਾਗ ਨੂੰ ਕੀਤੀ ਗਈ ਹੈ। ਇਸ ਸਬੰਧੀ ਜਦੋਂ ਐਕਸੀਅਨ ਗੜ੍ਹਸ਼ੰਕਰ ਸੁਮਿਤ ਧਵਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਚੋਰੀ ਸਬੰਧੀ ਕੋਈ ਜਾਣਕਾਰੀ ਨਹੀਂ ਹੈ।