ਸਿੱਖ ਫੈਡਰੇਸ਼ਨ ਯੂਕੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਦੇ ਆਦੇਸ਼ ਦਾ ਤਿੱਖਾ ਪ੍ਰਤੀਕਰਮ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ

ਸਿੱਖ ਫੈਡਰੇਸ਼ਨ ਯੂਕੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਦੇ ਆਦੇਸ਼ ਦਾ ਤਿੱਖਾ ਪ੍ਰਤੀਕਰਮ

ਨਵੀਂ ਦਿੱਲੀ 4 ਅਗਸਤ ,ਬੋਲੇ ਪੰਜਾਬ ਬਿਊਰੋ :

ਸਿੱਖ ਫੈਡਰੇਸ਼ਨ ਯੂਕੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘੁਵੀਰ ਸਿੰਘ ਦੇ ਨਿਸ਼ਾਨ ਸਾਹਿਬ ਦੇ ਰੰਗ ਸਬੰਧੀ ਜਾਰੀ ਕੀਤੇ ਆਦੇਸ਼ ਦਾ ਸਖਤ ਵਿਰੋਧ ਕਰਦਿਆਂ ਹੋਇਆਂ ਜੱਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਹੁਦੇ ਦਾ ਸਨਮਾਨ ਕਾਇਮ ਰੱਖਣ। ਸਿੱਖ ਕੌਮ ਇਸ ਵਕਤ ਬਹੁਤ ਹੀ ਨਾਜੁਕ ਦੌਰ ਵਿਚੋਂ ਲੰਘ ਰਹੀ ਹੈ। ਇਹ ਸਮਾਂ ਰੰਗ ਬਦਲਣ ਦਾ ਨਹੀਂ ਬਲਕਿ ਸਿੱਖਾਂ ਦੇ ਕੌਮੀ ਘਰ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਹੈ। ਜਿਸ ਬਾਰੇ ਸਿੱਖ ਕੌਮ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ। ਅਜਿਹਾ ਕੋਈ ਵੀ ਆਦੇਸ਼ ਜਾਰੀ ਨਾ ਕੀਤਾ ਜਾਵੇ ਜਿਸ ਨਾਲ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਹੁੰਦੀ ਹੈ।
ਅਕਸਰ ਲਿਫਾਫਿਆਂ ਵਿਚੋਂ ਨਿਕਲੇ ਜਥੇਦਾਰਾਂ ਵਲੋਂ ਇਸ ਤਰ੍ਹਾਂ ਦੇ ਫੈਸਲੇ ਕੀਤੇ ਗਏ ਹਨ। ਸਿੱਖ ਕੌਮ ਦੇ ਬੱਚਿਆਂ ਨੂੰ ਉੱਚ ਪੱਧਰ ਦੀ ਪੜ੍ਹਾਈ ਦੀ ਜਰੂਰਤ ਹੈ ਕੀ ਤੁਹਾਡੇ ਇਸ ਆਦੇਸ਼ ਨਾਲ ਇਸ ਦੀ ਪੂਰਤੀ ਹੋ ਸਕਦੀ ਹੈ? ਸਿੱਖ ਕੌਮ ਨਾਲ ਜਿਸ ਬਾਦਲ ਪਰਿਵਾਰ ਹਮੇਸ਼ਾ ਧ੍ਰੋਹ ਕਮਾਇਆ ਹੈ ਉਸ ਪਰਿਵਾਰ ਦੇ ਕਟਹਿਰੇ ਵਿੱਚ ਖੜ੍ਹਨ ਦੇ ਸਮੇਂ ਇਹੋ ਜਿਹੇ ਆਦੇਸ਼ ਕਿਉਂ?
ਕੀ ਤੁਹਾਡੇ ਇਸ ਆਦੇਸ਼ ਨਾਲ ਬੰਦੀ ਸਿੰਘ ਰਿਹਾ ਹੋ ਜਾਣਗੇ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਣਗੀਆਂ,ਸਿੱਖਾਂ ਬਾਰੇ ਗ਼ਲਤ ਇਤਹਾਸ ਜੋ ਸ਼੍ਰੋਮਣੀ ਕਮੇਟੀ ਵਲੋਂ ਹੀ ਜਾਰੀ ਕੀਤੀਆਂ ਕਿਤਾਬਾਂ ਵਿੱਚ ਹੈ ਉਹ ਬੰਦ ਹੋ ਜਾਵੇਗਾ, ਤੁਸੀਂ ਇੱਕ ਬਾਦਲ ਪਰਿਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਅਪਣਾ ਹਾਲ ਗੁਰਬਚਨ ਸਿੰਘ ਵਰਗਾ ਨਾ ਕਰਵਾ ਲਿਓ ਕਿ ਗੰਨਮੈਨ ਤੋਂ ਬਿਨਾਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇ। ਬਾਦਲ ਪਰਿਵਾਰ ਜਿਸਨੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਲਈ ਹਰ ਸੰਭਵ ਯਤਨ ਕੀਤਾ ਹੈ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਝੂਠੇ ਸੌਦੇ ਵਾਲੇ ਦੀ ਮੁਆਫੀ, ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਪੁਲਸ ਮੁਖੀ ਦੇ ਅਹੁਦੇ ਦੇਣਾ ਆਮ ਜਿਹੀ ਗੱਲ ਹੈ ਜਦੋਂ ਸਿੱਖਾਂ ਦੇ ਕਾਤਲਾਂ ਨੂੰ ਸ਼ਹਿ ਦੇਣ ਵਾਲੇ ਬਾਦਲ ਪਰਿਵਾਰ ਨੂੰ ਪੰਥ ਸਜ਼ਾ ਦੇਣ ਜਾ ਰਿਹਾ ਹੈ ਉਸ ਵਕਤ ਤੁਸੀਂ ਸੰਗਤ ਦਾ ਧਿਆਨ ਹੋਰ ਪਾਸੇ ਲਿਜਾਣਾ ਚਾਹੁੰਦੇ ਹੋ ਤਾਂ ਹੀ ਇਹ ਹਾਸੋਹੀਣੇ ਆਦੇਸ਼ ਜਾਰੀ ਕਰ ਰਹੇ ਹੋ। ਅਸੀਂ ਬਾਬਾ ਖੜਕ ਸਿੰਘ ਤੋਂ ਕੇਸਰੀ ਨਿਸ਼ਾਨ ਸਾਹਿਬ ਬਾਰੇ ਸੁਣਿਆ ਹੋਇਆ ਹੈ ਅਤੇ ਪੰਥ ਲਈ ਕੁਰਬਾਨੀਆਂ ਕਰਨ ਵਾਲੇ ਮਹਾਂਪੁਰਸ਼ਾਂ ਕੋਲੋਂ ਵੀ ਸੁਣਿਆ ਹੋਇਆ ਹੈ ਕੇਸਰੀ ਨਿਸ਼ਾਨ ਸਾਹਿਬ ਨਾਲ ਕੋਈ ਮਸਲਾ ਨਹੀਂ ਹੈ। ਸਿੱਖਾਂ ਵਿੱਚ ਹਮੇਸ਼ਾਂ ਜਦੋਂ ਕੌਮੀ ਸੇਵਾ ਕਰਨ ਲਈ ਕੁਰਬਾਨੀਆਂ ਦੀ ਗੱਲ ਆਈ ਕੇਸਰੀ ਰੰਗ ਦਾ ਜ਼ਿਕਰ ਆਇਆ ਹੈ। 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਕੇਸਰੀ ਰੰਗ ਦਾ ਜ਼ਿਕਰ ਕੀਤਾ ਹੈ ਕਿਉਂਕਿ ਇਹ ਰੰਗ ਸਿੱਖਾਂ ਦੀਆ ਕੁਰਬਾਨੀਆਂ ਦਾ ਪ੍ਰਤੀਕ ਹੈ। ਹਾਲੇ ਵਿਸਾਖੀ ਤੇ ਤੁਸੀਂ ਸਾਰੇ ਸਿੱਖਾਂ ਨੂੰ ਘਰਾਂ ਉਪਰ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਦਿੱਤਾ ਸੀ ਇਨੀਂ ਜਲਦੀ ਭੁੱਲ ਗਏ। ਤੁਸੀਂ ਭਗਵੰਤ ਮਾਨ ਦੇ ਬਸੰਤੀ ਰੰਗ ਵਿੱਚ ਕੌਮ ਨੂੰ ਰੰਗ ਕੇ ਰਾਸ਼ਟਰੀ ਸੋਚ ਵਿੱਚ ਸਿੱਖ ਕੌਮ ਨੂੰ ਰੰਗਣ ਦਾ ਕੋਝਾ ਯਤਨ ਬੰਦ ਕਰੋ। ਬਹੁਤ ਸਾਰੇ ਸਿੱਖ ਕੌਮ ਦੇ ਜ਼ਰੂਰੀ ਮਸਲੇ ਹਨ ਉਨ੍ਹਾਂ ਵਲ ਧਿਆਨ ਦਿਓ

Leave a Reply

Your email address will not be published. Required fields are marked *