ਹਿਮਾਚਲ ‘ਚ ਬੱਦਲ ਫਟਣ ਕਾਰਨ 45 ਲੋਕ ਲਾਪਤਾ
ਨਵੀਂ ਦਿੱਲੀ, 4 ਅਗਸਤ,ਬੋਲੇ ਪੰਜਾਬ ਬਿਊਰੋ :
ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਤਬਾਹੀ ਜਾਰੀ ਹੈ। ਬੱਦਲ ਫਟਣ ਕਾਰਨ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ‘ਚ ਦਾਰਚਾ-ਸ਼ਿੰਕੂਲਾ ਰੋਡ ‘ਤੇ ਡਰੇਨ ‘ਚ ਹੜ੍ਹ ਆ ਗਿਆ। ਇਸ ਕਾਰਨ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀ.ਆਰ.ਓ.) ਦੇ ਦੋ ਪੁਲ ਰੁੜ੍ਹ ਗਏ, ਪਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਤਿੰਨ ਦਿਨ ਪਹਿਲਾਂ ਬੱਦਲ ਫਟਣ ਕਾਰਨ ਆਏ ਹੜ੍ਹ ‘ਚ ਲਾਪਤਾ 45 ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ।
ਉੱਤਰਾਖੰਡ ਵਿੱਚ ਕੇਦਾਰਨਾਥ ਦੇ ਰਸਤੇ ਵਿੱਚ 1300 ਲੋਕ ਅਜੇ ਵੀ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ 450 ਲੋਕ ਕੇਦਾਰਨਾਥ ਧਾਮ ਵਿੱਚ ਹਨ। ਹਾਲਾਂਕਿ ਸਾਰੇ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹਿਮਾਚਲ ਦੇ ਕੇਲੌਂਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਦਲ ਫਟਣ ਦੀ ਘਟਨਾ ਦਰਚਾ ਤੋਂ ਕਰੀਬ 16 ਕਿਲੋਮੀਟਰ ਦੂਰ ਵਾਪਰੀ।