ਮੋਹਾਲੀ, 4 ਅਗਸਤ ,ਬੋਲੇ ਪੰਜਾਬ ਬਿਊਰੋ :
ਧਾਰਮਿਕ ਗ੍ਰੰਥਾਂ ਵਿੱਚ ਭਗਵਾਨ ਸ਼ਿਵ ਦੇ ਕਈ ਰੂਪਾਂ ਦਾ ਵਰਣਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਭਗਵਾਨ ਸ਼ਿਵ ਦਾ ਇੱਕ ਰੂਪ ਮਹਾਮ੍ਰਿਤੁੰਜਯ ਰੂਪ ਹੈ। ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਮੰਤਰਾਂ ਦਾ ਜਾਪ ਕਰਨ ਨਾਲ ਜੀਵਨ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਵਣ ਮਹੀਨੇ ਦੇ ਮੌਕੇ ‘ਤੇ ਫੇਜ਼-5 ਸਥਿਤ ਸ਼੍ਰੀ ਹਰੀ ਮੰਦਿਰ ਦੇ ਮੁੱਖ ਪੁਜਾਰੀ ਆਚਾਰੀਆ ਸ਼ੰਕਰ ਸ਼ਾਸਤਰੀ ਜੋ ਕਿ ਪਿਛਲੇ ਕਈ ਐਤਵਾਰਾਂ ਤੋਂ ਮੰਦਰ ‘ਚ ਮਹਾਮਰਿਤੁੰਜਯ ਦੇ ਜਾਪ ਦਾ ਆਯੋਜਨ ਕਰਦੇ ਆ ਰਹੇ ਹਨ। ਮਹਾਮਰਿਤੁੰਜਯ ਦਾ ਜਾਪ ਕਰਵਾਉਣ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਰਗਟ ਕੀਤਾ ।
ਇਸ ਦੌਰਾਨ ਉਨ੍ਹਾਂ ਦੇ ਨਾਲ ਸ਼੍ਰੀ ਹਰੀ ਮੰਦਰ ਸੰਕੀਰਤਨ ਸਭਾ ਮੁਹਾਲੀ ਦੇ ਮੌਜੂਦਾ ਪ੍ਰਧਾਨ ਮਹੇਸ਼ ਚੰਦਰ ਮਨਨ , ਸੁਰਿੰਦਰ ਸਚਦੇਵਾ, ਕਿਸੋਰੀ ਲਾਲ ,ਸ਼ਿਵ ਕੁਮਾਰ ਰਾਣਾ, ਰਾਜਕੁਮਾਰ ਗੁਪਤਾ, ਬਲਰਾਮ ਧਨਵਾਨ ,ਰਾਕੇਸ਼ ਸੌਂਧੀ ,ਕ੍ਰਿਸ਼ਨ ਸ਼ਰਮਾ, ਸੁਖਰਾਮ ਧੀਮਾਨ, ਰਾਕੇਸ਼ ਸੌਂਧੀ,, ਰਾਮ ਅਵਤਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਵਰਨਣਯੋਗ ਹੈ ਕਿ ਸ਼੍ਰੀ ਹਰੀ ਮੰਦਿਰ ਸੰਕੀਰਤਨ ਫੇਜ਼-5 ਮੋਹਾਲੀ ਵਿਖੇ ਮੰਦਿਰ ਕਮੇਟੀ ਦੇ ਅਧਿਕਾਰੀਆਂ ਅਤੇ ਮੰਦਿਰ ਦੇ ਮੁੱਖ ਪੁਜਾਰੀ ਦੇ ਸਹਿਯੋਗ ਨਾਲ ਮੰਦਿਰ ਵਿੱਚ ਮਹਾਂਮਰਿਤੁੰਜਯ ਜਾਪ ਨਾਲ ਸਬੰਧਤ ਧਾਰਮਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਐਤਵਾਰ ਨੂੰ ਵਿਸ਼ੇਸ਼ ਤੌਰ ‘ਤੇ ਸੰਗਤ ਲਈ ਸਮਾਗਮ ਕਰਵਾਇਆ ਜਾਂਦਾ ਹੈ। ਸਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਪਹੁੰਚ ਕੇ ਜਾਪ ਕਰ ਰਹੇ ਹਨ। ਮੰਦਿਰ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਦਿਰ ਵਿੱਚ ਮਹਾਂਮਰਿਤੁੰਜਯ ਦੇ ਜਾਪ ਤੋਂ ਬਾਅਦ ਵਿਸ਼ੇਸ਼ ਆਰਤੀ ਕੀਤੀ ਜਾਂਦੀ ਹੈ ਅਤੇ ਪਤਵੰਤਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਪ੍ਰਸ਼ਾਦ ਵੰਡਣ ਦੇ ਨਾਲ-ਨਾਲ ਮਹਿਲਾ ਸੰਕੀਤਨ ਮੰਡਲ ਵੱਲੋਂ ਕੀਰਤਨ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸ਼ਿਵ ਭਗਤਾਂ ਲਈ ਖੀਰ ਪੂੜੇ ਦੇ ਅਟੁੱਟ ਭੰਡਾਰੇ ਲਗਾਏ ਜਾ ਰਹੇ ਨੇ । ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਮੰਦਿਰ ਕਮੇਟੀ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਜਾਵੇਗੀ ਅਤੇ ਇਸ ਸਬੰਧੀ ਮੰਦਰ ਕਮੇਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੰਦਰ ਦੇ ਪ੍ਰਧਾਨ ਮਹੇਸ਼ ਚੰਦਰ ਮਨਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਦੱਸਿਆ ਕਿ ਇਸ ਵਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜਨਮ ਅਸ਼ਟਮੀ ਨੂੰ ਸ਼ਾਨਦਾਰ ਬਣਾਉਣ ਲਈ ਵਰਿੰਦਾਵਨ ਤੋਂ ਜਥੇ ਬੁਲਾਏ ਜਾ ਰਹੇ ਹਨ, ਜੋ ਕਿ ਆਪਣੀ ਕਥਾ ਅਤੇ ਕਲਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ । ਇਸ ਦੌਰਾਨ ਮੰਦਿਰ ਕਮੇਟੀ ਨੇ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਦਾ ਹਰ ਤਰ੍ਹਾਂ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ।