ਸਾਬਕਾ ਮੁੱਖ ਮੰਤਰੀ ਚੰਨੀ ਦੇ ਨਜ਼ਦੀਕੀ ਕਾਂਗਰਸੀ ਆਗੂ ਦੀ ਕਾਲੋਨੀ ਢਾਹੀ
ਜਲੰਧਰ, 3 ਅਗਸਤ, ਬਿੋਲੇ ਪੰਜਾਬ ਬਿਊਰੋ :
ਸ਼ਹਿਰ ‘ਚ ਨਾਜਾਇਜ਼ ਕਾਲੋਨੀਆਂ ‘ਤੇ ਨਗਰ ਨਿਗਮ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਜਲੰਧਰ ਛਾਉਣੀ ਦੇ ਰਾਮਦਾਸ ਨਗਰ ਵਿੱਚ ਬਿਨਾਂ ਮਨਜ਼ੂਰੀ ਤੋਂ ਬਣਾਈ ਜਾ ਰਹੀ ਨਾਜਾਇਜ਼ ਕਲੋਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਡਿੱਚ ਮਸ਼ੀਨ ਚਲਾ ਕੇ ਇਸ ਨੂੰ ਢਾਹ ਦਿੱਤਾ ਹੈ।ਕਲੋਨੀ ਦਾ ਮਾਲਕ ਸਾਬਕਾ ਮੁੱਖ ਮੰਤਰੀ ਚੰਨੀ ਦਾ ਨਜ਼ਦੀਕੀ ਕਾਂਗਰਸੀ ਆਗੂ ਦੱਸਿਆ ਜਾਂਦਾ ਹੈ। ਕਾਰਵਾਈ ਦੌਰਾਨ ਨਗਰ ਨਿਗਮ ਦੀ ਟੀਮ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਵੀ ਕੀਤਾ।ਇਸ ਦੌਰਾਨ ਕਲੋਨੀ ਮਾਲਕ ਅਤੇ ਉਸ ਦੇ ਨਾਲ ਕਾਂਗਰਸੀ ਆਗੂਆਂ ਨੇ ਭਾਰੀ ਰੋਸ ਜਤਾਇਆ ਅਤੇ ਹੰਗਾਮਾ ਕੀਤਾ। ਇਸ ਦੌਰਾਨ ਕੁਝ ਲੋਕਾਂ ਨੇ ਪਥਰਾਅ ਵੀ ਕੀਤਾ ਪਰ ਪੁਲੀਸ ਫੋਰਸ ਨਾਲ ਗਈ ਨਿਗਮ ਟੀਮ ਨੇ ਕਲੋਨੀ ਵਿੱਚ ਬਣੀਆਂ ਇਮਾਰਤਾਂ ਨੂੰ ਢਾਹ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਹੁਕਮਾਂ ‘ਤੇ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਕਲੋਨੀਆਂ ਵਿਰੁੱਧ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਅੱਜ ਬਿਲਡਿੰਗ ਵਿਭਾਗ ਦੀ ਟੀਮ ਨੇ ਹਰਕਤ ਵਿੱਚ ਆ ਕੇ ਉਕਤ ਕਲੋਨੀਆਂ ਵਿੱਚ ਉਸਾਰੀ ਅਧੀਨ ਇਮਾਰਤਾਂ ਨੂੰ ਢਾਹ ਦਿੱਤਾ।