ਸ੍ਰੀ ਚਮਕੌਰ ਸਾਹਿਬ,2, ਅਗਸਤ,ਬੋਲੇ ਪੰਜਾਬ ਬਿਊਰੋ : (ਮਲਾਗਰ ਖਮਾਣੋਂ) :
ਸ੍ਰੀ ਗੁਰੂ ਰਵਿਦਾਸ ਸੇਵਾ ਮਿਸ਼ਨ ਸੋਸਾਇਟੀ ਰਜਿ: ਸ੍ਰੀ ਚਮਕੌਰ ਸਾਹਿਬ ਵੱਲੋਂ ਗੁਰਦੁਆਰਾ ਯਾਦਗਾਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਵਿਖੇ ਪਿਛਲੇ ਸਾਲ ਤੋਂ ਲਗਾਤਾਰ ਚੱਲ ਰਹੇ ਫਰੀ ਸਿਲਾਈ ਸੈਂਟਰ ਵਿਖੇ ਸਿਖਲਾਈ ਲੈ ਰਹੀਆਂ ਲੜਕੀਆਂ ,ਸੁਸਾਇਟੀ ਮੈਂਬਰਾਂ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ ਮਾਣੇ ਮਾਜਰਾ, ਜਨਰਲ ਸਕੱਤਰ ਬਖਸ਼ੀਸ਼ ਸਿੰਘ ਕਟਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸੰਖੇਪ ਜਿਹੇ ਹੋਏ ਸਮਾਗਮ ਦੌਰਾਨ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ ਸਮਾਗਮਾਂ ਸਮੇਤ ਸਮਾਜ ਦੇ ਗਰੀਬ ਤਬਕੇ ਲਈ ਕੀਤੇ ਜਾ ਰਹੇ ਉਪਰਾਲੇ ਜਿਵੇਂ ਅੱਖਾਂ ਦਾ ਕੈਂਪ, ਅਣਾਲਾਣੀਆਂ ਦੇ ਪਾਠ ਅਤੇ ਪਿਛਲੇ ਸਾਲ ਤੋਂ ਲਗਾਤਾਰ ਚੱਲ ਰਹੇ ਫਰੀ ਸਿਲਾਈ ਸੈਂਟਰ ਬਾਰੇ ਦੱਸਿਆ। ਇਹਨਾਂ ਕਿਹਾ ਕਿ ਸਿਲਾਈ ਸੈਂਟਰ ਦਾ ਛੇ ਮਹੀਨਿਆਂ ਦਾ ਸੈਸ਼ਨ ਹੁੰਦਾ ਹੈ। ਪਹਿਲੇ ਸੈਸ਼ਨ ਵਿੱਚ 35 ਕੁੜੀਆਂ ਸਿਖਲਾਈ ਲੈ ਚੁੱਕੀਆਂ ਹਨ ਅਤੇ ਇਸ ਸੈਸ਼ਨ ਵਿੱਚ ਵੀ 37 ਦੇ ਲਗਭਗ ਕੁੜੀਆਂ ਸਿਖਲਾਈ ਲੈ ਰਹੀਆਂ ਹਨ ਅਤੇ ਨਾਲ ਹੀ ਇਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ।ਇਸ ਮੌਕੇ ਸਿਖਲਾਈ ਟੀਚਰ ਪਰਮਜੀਤ ਕੌਰ ਨੇ ਦੱਸਿਆ ਕਿ ਸੈਂਟਰ ਵਿੱਚ ਗਰੀਬ ਘਰਾਂ ਦੀਆਂ ਕੁੜੀਆਂ ਹੀ ਸਿਖਲਾਈ ਲੈ ਰਹੀਆਂ ਹਨ ਅਤੇ ਕਈ ਪਰਿਵਾਰ ਸਿਲਾਈ ਮਸ਼ੀਨਾਂ ਲੈਣ ਤੋਂ ਵੀ ਅਸਮਰਥ ਹਨ। ਇਹਨਾਂ ਦੱਸਿਆ ਕਿ ਸੈਂਟਰ ਤੋਂ ਸਿਖਲਾਈ ਲੈ ਚੁੱਕੀਆਂ ਕੁੜੀਆਂ ਆਪਣੇ ਮਾਪਿਆਂ ਦੀ ਆਰਥਿਕਤਾ ਦੀ ਵਿੱਚ ਸਹਾਈ ਹੋ ਰਹੀਆਂ ਹਨ।ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਨਗਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਲੰਮੇ ਸਮੇਂ ਤੋਂ ਸੁਸਾਇਟੀ ਨੂੰ ਨਗਰ ਕੌਂਸਲ ਵੱਲੋਂ ਹਰ ਪੱਖੋਂ ਆਰਥਿਕ ਤੇ ਸਮਾਜਿਕ ਸਹਿਯੋਗ ਦਿੱਤਾ ਜਾ ਰਿਹਾ ਹੈ। ਨਗਰ ਕੌਂਸਲ ਦਾ ਹਰ ਇੱਕ ਮੈਂਬਰ ਸ਼ਹੀਦਾਂ ਦੀ ਪਵਿੱਤਰ ਨਗਰੀ ਵਿੱਚ ਸਮਾਜ ਭਲਾਈ ਦੇ ਕੰਮਾਂ ਸਮੇਤ ਇਲਾਕੇ ਦੇ ਵਿਕਾਸ ਲਈ ਭਰਵਾਂ ਸਹਿਯੋਗ ਦੇ ਰਿਹਾ ਹੈ। ਇਹਨਾਂ ਜਿੱਥੇ ਸਿਖਲਾਈ ਲੈ ਰਹੀਆਂ ਗਰੀਬ ਘਰਾਂ ਦੀਆਂ ਲੜਕੀਆਂ ਅਤੇ ਸੁਸਾਇਟੀ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਸੰਸਥਾਂ ਦੀ ਨਗਰ ਕੌਂਸਲ ਵੱਲੋਂ ਵੀ ਅਤੇ ਮੈਂ ਨਿੱਜੀ ਤੌਰ ਤੇ ਵੀ ਸਹਿਯੋਗ ਕਰਦਾਂ ਰਹਾਂਗਾ।ਇਹਨਾਂ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸਲਾਂਘਾਂ ਕੀਤੀ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰ ਮਲਾਗਰ ਸਿੰਘ, ਸਤਵਿੰਦਰ ਸਿੰਘ ਨੀਟਾ, ਗਿਆਨੀ ਸੁਖਵਿੰਦਰ ਸਿੰਘ ,ਅਮਨਦੀਪ ਸਿੰਘ, ਗੁਰਮੀਤ ਸਿੰਘ ਫੌਜੀ ,ਮਾਸਟਰ ਰਤਨ ਸਿੰਘ, ਲਾਲ ਸਿੰਘ ,ਸੁਖਦੇਵ ਸਿੰਘ ਸੁੱਖਾ ,ਜਸਵੀਰ ਸਿੰਘ ,ਗਿਆਨ ਸਿੰਘ ਰਾਏਪੁਰ ਅਤੇ ਲੇਬਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਆਦਿ ਹਾਜ਼ਰ ਸਨ।