ਵਿਜੀਲੈਂਸ ਵੱਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਹੈਡ ਕਾਂਸਟੇਬਲ ਗ੍ਰਿਫਤਾਰ
ਬਰਨਾਲਾ, 2 ਅਗਸਤ,ਬੋਲੇ ਪੰਜਾਬ ਬਿਊਰੋ :
ਵਿਜੀਲੈਂਸ ਵਿਭਾਗ ਬਰਨਾਲਾ ਵੱਲੋਂ ਇੱਕ ਹੈਡ ਕਾਂਸਟੇਬਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਪੰਜਾਬ ਅੰਦਰੋਂ ਭ੍ਰਿਸ਼ਟਾਚਾਰ ਜੜੋਂ ਖ਼ਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਜਿਸ ਤਹਿਤ ਮੁਦੱਈ ਗੁਰਵਿੰਦਰ ਕੌਰ ਵਾਸੀ ਹੰਡਿਆਇਆ ਨੇ ਇਕ ਮਹੀਨਾ ਪਹਿਲਾਂ ਐਂਟੀ ਕੁਰੱਪਸ਼ਨ ਲਾਈਨ ’ਤੇ ਸ਼ਿਕਾਇਤ ਕੀਤੀ ਸੀ ਕਿ ਹੈਡ ਕਾਂਸਟੇਬਲ ਗੁਲਾਬ ਸਿੰਘ ਜੋ ਕਿ ਪਹਿਲਾਂ ਥਾਣਾ ਰੂੜੇਕੇ ਕਲਾਂ ਵਿਖੇ ਤਾਇਨਾਤ ਸੀ। ਜਿਸ ਨੇ ਮੁਦੱਈ ਨੂੰ ਇੱਕ ਦਰਖਾਸਤ ਦੀ ਆੜ ‘ਚ ਡਰਾ ਕੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਲਈ ਸੀ।
ਜਿਸ ਦੀ ਮੁਦੱਈ ਨੇ ਰਿਕਾਰਡਿੰਗ ਵੀ ਕਰ ਲਈ ਸੀ। ਵਿਜੀਲੈਂਸ ਵਿਭਾਗ ਵੱਲੋਂ ਬਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਨੂੰ ਕੋਰਟ ਕੰਪਲੈਕਸ ਦੇ ਨਜਦੀਕ ਤੋਂ ਗ੍ਰਿਫ਼ਤਾਰ ਕਰ ਕੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।