ਭਾਰਤ ਵੱਲੋਂ ਲਿਬਨਾਨ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਅਡਵਾਈਜਰੀ ਜਾਰੀ
ਬੈਰੂਤ, 2 ਅਗਸਤ,ਬੋਲੇ ਪੰਜਾਬ ਬਿਊਰੋ :
ਲਿਬਨਾਨ ਦੀ ਰਾਜਧਾਨੀ ਬੈਰੂਤ ਸਥਿਤ ਭਾਰਤੀ ਅੰਬੈਸੀ ਨੇ ਅੱਜ ਭਾਰਤੀ ਨਾਗਰਿਕਾਂ ਨੂੰ ਅਗਲੇ ਹੁਕਮਾਂ ਤੱਕ ਇਸ ਪੱਛਮ-ਏਸ਼ਿਆਈ ਮੁਲਕ ਦੀ ਯਾਤਰਾ ਨਾ ਕਰਨ ਅਤੇ ਇਜ਼ਰਾਈਲ ਤੇ ਕੱਟੜਪੰਥੀ ਗੁੱਟ ਹਿਜ਼ਬੁੱਲਾ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਪਿਛਲੇ ਸਾਲ 8 ਅਕਤੂਬਰ ਤੋਂ ਇਜ਼ਰਾਈਲ-ਲਿਬਨਾਨ ਸਰਹੱਦ ’ਤੇ ਇਜ਼ਰਾਇਲੀ ਸੈਨਿਕਾਂ ਤੇ ਹਿਜ਼ਬੁੱਲਾ ਵਿਚਾਲੇ ਸੰਘਰਸ਼ ਚੱਲ ਰਿਹਾ ਹੈ। ਇਜ਼ਰਾਈਲ ਨੇ ਲੰਘੇ ਦਿਨ ਦੱਖਣੀ ਬੈਰੂਤ ’ਚ ਹਿਜ਼ਬੁੱਲਾ ਦੇ ਉੱਚ ਫੌਜੀ ਕਮਾਂਡਰ ਫੌਆਦ ਸ਼ਕੂਰ ਨੂੰ ਨਿਸ਼ਾਨਾ ਬਣਾਇਆ ਸੀ। ਭਾਰਤੀ ਅੰਬੈਸੀ ਨੇ ਜਾਰੀ ਸੇਧ ’ਚ ਕਿਹਾ, ‘‘ਇਸ ਖੇਤਰ ’ਚ ਹਾਲੀਆ ਘਟਨਾਕ੍ਰਮ ਅਤੇ ਸੰਭਾਵੀ ਖ਼ਤਰਿਆਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਅਗਲੀ ਸੂਚਨਾ ਤੱਕ ਲਿਬਨਾਨ ਦੀ ਯਾਤਰਾ ਨਾ ਕਰਨ ਤੇ ਇੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਲਿਬਨਾਨ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ।’’ ਅੰਬੈਸੀ ਨੇ ਲਿਬਨਾਨ ’ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਤੇ ਚੌਕਸ ਰਹਿਣ ਲਈ ਵੀ ਆਖਿਆ ਹੈ।