ਸੱਤ ਲੱਖ ਖਰਚ ਕੇ ਯੂਕੇ ਭੇਜੀ ਪ੍ਰੇਮਿਕਾ ਵਿਆਹ ਕਰਵਾਉਣ ਤੋਂ ਮੁਕਰੀ, ਮਾਪਿਆਂ ਦੇ ਇਕਲੌਤੇ ਪੁੱਤ ਨੇ ਗੋਲ਼ੀ ਮਾਰਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ ਪੰਜਾਬ

ਸੱਤ ਲੱਖ ਖਰਚ ਕੇ ਯੂਕੇ ਭੇਜੀ ਪ੍ਰੇਮਿਕਾ ਵਿਆਹ ਕਰਵਾਉਣ ਤੋਂ ਮੁਕਰੀ, ਮਾਪਿਆਂ ਦੇ ਇਕਲੌਤੇ ਪੁੱਤ ਨੇ ਗੋਲ਼ੀ ਮਾਰਕੇ ਕੀਤੀ ਖ਼ੁਦਕੁਸ਼ੀ


ਪਟਿਆਲ਼ਾ, 1 ਅਗਸਤ,ਬੋਲੇ ਪੰਜਾਬ ਬਿਊਰੋ :


ਪਟਿਆਲਾ ਦੇ ਸਮਾਣਾ ਵਿੱਚ ਇੱਕ ਨੌਜਵਾਨ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ ਉਸ ਦੀ ਪ੍ਰੇਮਿਕਾ ਹੈ। ਪ੍ਰੇਮਿਕਾ ਨੇ ਯੂਕੇ ਜਾ ਕੇ ਨੌਜਵਾਨ ਨਾਲ ਸਾਰੇ ਰਿਸ਼ਤੇ ਤੋੜ ਲਏ। ਇਸ ਤੋਂ ਦੁਖੀ ਹੋ ਕੇ ਸਮਾਣਾ ਦੇ ਪਿੰਡ ਨਸੂਪੁਰ ਦੇ ਇੱਕ ਨੌਜਵਾਨ ਨੇ ਆਪਣੇ ਲਾਇਸੰਸੀ ਪਿਸਤੌਲ 0.32 ਬੋਰ ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸਦਰ ਸਮਾਣਾ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਪ੍ਰੇਮਿਕਾ ਅਤੇ ਉਸ ਦੀ ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਪਲਵਿੰਦਰ ਸਿੰਘ ਵਜੋਂ ਹੋਈ ਹੈ।
ਮੁਲਜ਼ਮਾਂ ਵਿੱਚ ਉਸ ਦੀ ਪ੍ਰੇਮਿਕਾ ਕੋਮਲਪ੍ਰੀਤ ਕੌਰ ਅਤੇ ਉਸ ਦੀ ਮਾਂ ਮਨਪ੍ਰੀਤ ਕੌਰ ਵਾਸੀ ਅਮਨ ਨਗਰ ਪਟਿਆਲਾ ਸ਼ਾਮਲ ਹਨ। ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੇ ਲੜਕੇ ਪਲਵਿੰਦਰ ਸਿੰਘ ਦੀ ਕੋਮਲਪ੍ਰੀਤ ਕੌਰ ਨਾਲ ਵਿਦੇਸ਼ ਵਿੱਚ ਵਿਆਹ ਕਰਵਾਉਣ ਲਈ ਗੱਲਬਾਤ ਚੱਲ ਰਹੀ ਸੀ। ਜਦੋਂ ਕੋਮਲਪ੍ਰੀਤ ਕੌਰ ਵਿਦੇਸ਼ ਗਈ ਸੀ ਤਾਂ ਉਸ ਦੀ ਮਾਂ ਨੇ ਨੌਜਵਾਨ ਅਤੇ ਉਸ ਦੇ ਪਰਿਵਾਰ ਤੋਂ ਸੱਤ ਲੱਖ ਰੁਪਏ ਲਏ ਸਨ। ਫੈਸਲਾ ਹੋਇਆ ਕਿ ਵਿਦੇਸ਼ ਪਹੁੰਚ ਕੇ ਕੋਮਲਪ੍ਰੀਤ ਕੌਰ ਲੜਕੇ ਨੂੰ ਉਥੇ ਬੁਲਾਏਗੀ ਅਤੇ ਦੋਵਾਂ ਦਾ ਵਿਆਹ ਕਰਵਾ ਦਿੱਤਾ ਜਾਵੇਗਾ।
ਕਰੀਬ ਦੋ ਮਹੀਨੇ ਪਹਿਲਾਂ ਲੜਕੀ ਯੂ.ਕੇ ਗਈ ਸੀ ਪਰ ਉੱਥੇ ਪਹੁੰਚ ਕੇ ਕੋਮਲਪ੍ਰੀਤ ਕੌਰ ਲੜਕੇ ਨਾਲ ਗੱਲ ਘੱਟ ਕਰਨ ਲੱਗੀ। ਪਲਵਿੰਦਰ ਸਿੰਘ ਨੇ 31 ਜੁਲਾਈ ਨੂੰ ਲੜਕੀ ਨੂੰ ਫੋਨ ਕੀਤਾ ਤਾਂ ਉਸ ਨੇ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ। ਲੜਕੀ ਪਲਵਿੰਦਰ ਨਾਲ ਵਿਆਹ ਕਰਨ ਤੋਂ ਲਗਾਤਾਰ ਇਨਕਾਰ ਕਰ ਰਹੀ ਸੀ ਅਤੇ ਉਸ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕਰ ਰਹੀ ਸੀ। ਉਸ ਨੇ ਲਏ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਉਹ ਧਮਕੀ ਦੇ ਰਹੀ ਸੀ ਕਿ ਜੇਕਰ ਉਸ ਨੇ ਉਸ ਨੂੰ ਜ਼ਿਆਦਾ ਫੋਨ ਕੀਤੇ ਤਾਂ ਉਹ ਉਸ ਨੂੰ ਬਲਾਕ ਕਰ ਦੇਵੇਗੀ। ਇਸ ਸਭ ਤੋਂ ਤੰਗ ਆ ਕੇ ਨੌਜਵਾਨ ਨੇ ਆਪਣੇ 0.32 ਬੋਰ ਦੇ ਲਾਇਸੰਸੀ ਪਿਸਤੌਲ ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਪਰਿਵਾਰਕ ਮੈਂਬਰਾਂ ਅਨੁਸਾਰ ਪਲਵਿੰਦਰ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਲੜਕੇ ਦੇ ਪਿਆਰ ਕਾਰਨ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਪੈਸਿਆਂ ਦਾ ਪ੍ਰਬੰਧ ਕੀਤਾ ਅਤੇ ਲੜਕੀ ਨੂੰ ਯੂ.ਕੇ. ਭੇਜਿਆ ਸੀ।ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *