ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਧਾਈ
ਅੰਮ੍ਰਿਤਸਰ, 1 ਅਗਸਤ, ਬੋਲੇ ਪੰਜਾਬ ਬਿਊਰੋ :
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਿੱਚ ਇੱਕ ਵਾਰ ਮੁੜ ਵਾਧਾ ਕੀਤਾ ਗਿਆ ਹੈ। ਹੁਣ 16 ਸਤੰਬਰ ਤੱਕ ਵੋਟਾਂ ਬਣ ਸਕਣਗੀਆਂ। ਇਸ ਪ੍ਰਕਿਰਿਆ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਚੋਣਾਂ ਹੁਣ ਇਸ ਸਾਲ ਹੋਣ ਦੀ ਸੰਭਾਵਨਾ ਮੱਧਮ ਪੈ ਗਈ ਹੈ। ਵੋਟਾਂ ਬਣਾਉਣ ਲਈ 31 ਜੁਲਾਈ ਆਖਰੀ ਦਿਨ ਸੀ ਪਰ ਵੋਟਾਂ ਬਣਾਉਣ ਦੀ ਪ੍ਰਕਿਰਿਆ ਸੁਸਤ ਤੇ ਵੋਟਾਂ ਘੱਟ ਬਣਨ ਦੇ ਮੱਦੇਨਜ਼ਰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਾਂ ਬਣਾਉਣ ਦੀ ਮਿਤੀ ਵਿੱਚ ਇੱਕ ਵਾਰ ਮੁੜ ਵਾਧਾ ਕਰਦਿਆਂ ਹੁਣ ਆਖਰੀ ਮਿਤੀ 16 ਸਤੰਬਰ ਰੱਖੀ ਗਈ ਹੈ। ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਵਾਰ ਵੋਟਰ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਹੁਣ ਤੱਕ ਚਾਰ ਵਾਰ ਆਖਰੀ ਤਰੀਕਾਂ ਵਿੱਚ ਵਾਧਾ ਕੀਤਾ ਜਾ ਚੁੱਕਿਆ ਹੈ। ਮਿਲੇ ਵੇਰਵਿਆਂ ਮੁਤਾਬਕ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ 25 ਜੁਲਾਈ ਤੱਕ ਲਗਪਗ 27 ਲੱਖ 87 ਹਜ਼ਾਰ ਵੋਟਰ ਬਣੇ ਸਨ। ਜਦੋਂ ਕਿ 2011 ਵਿੱਚ ਹੋਈਆਂ ਚੋਣਾਂ ਵੇਲੇ ਲਗਪਗ 52 ਲੱਖ ਵੋਟਰ ਸਨ। ਹੁਣ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਨ ਮਗਰੋਂ ਉਥੋਂ ਦੇ ਵੋਟਰ ਇਸ ਵਿੱਚ ਸ਼ਾਮਲ ਨਹੀਂ ਹੋਣਗੇ।