ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਚੋਣ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ
ਚੰਡੀਗੜ੍ਹ, 1 ਅਗਸਤ, ਬੋਲੇ ਪੰਜਾਬ ਬਿਊਰੋ :
ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੇ ਚਰਨਜੀਤ ਸਿੰਘ ਚੰਨੀ ਦੀ ਲੋਕ ਪ੍ਰਤੀਨਿਧ ਕਾਨੂੰਨ ਤਹਿਤ ਚੋਣ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਇੱਕ ਚੋਣ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ ਸੁਣਵਾਈ 12 ਅਗਸਤ ਨੂੰ ਤੈਅ ਕੀਤੀ ਹੈ।
ਪਟੀਸ਼ਨ ਦਾਇਰ ਕਰਦੇ ਹੋਏ ਸਥਾਨਕ ਨਿਵਾਸੀ ਗੌਰਵ ਲੂਥਰਾ ਨੇ ਐਡਵੋਕੇਟ ਮਨਿਤ ਮਲਹੋਤਰਾ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੇ ਨਾਮਜ਼ਦਗੀ ਫਾਰਮ ਭਰਦੇ ਸਮੇਂ ਕਾਫੀ ਜਾਣਕਾਰੀਆਂ ਛੁਪਾਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਖਰਚੇ ਦਾ ਸਹੀ ਵੇਰਵਾ ਵੀ ਕਮਿਸ਼ਨ ਨੂੰ ਨਹੀਂ ਸੌਂਪਿਆ ਹੈ।
ਚੋਣਾਂ ਦੌਰਾਨ ਇੱਕ ਹੋਟਲ ਵਿੱਚ 24 ਘੰਟੇ ਖਾਣੇ ਦਾ ਪ੍ਰਬੰਧ ਸੀ ਪਰ ਚੋਣ ਪ੍ਰਚਾਰ ਦੇ ਵੇਰਵਿਆਂ ਵਿੱਚ ਉਨ੍ਹਾਂ ਨੇ ਇਸ ਦਾ ਖਰਚਾ ਨਹੀਂ ਦੱਸਿਆ। ਉਹ ਰੋਜ਼ਾਨਾ 10-15 ਜਨਤਕ ਮੀਟਿੰਗਾਂ ਕਰਦੇ ਸਨ, ਪਰ ਇਸ ਦੌਰਾਨ ਉਨ੍ਹਾਂ ਨੇ ਮੁਹਿੰਮ ਦੇ ਵੇਰਵਿਆਂ ਵਿਚ ਇਕ ਵੀ ਵਾਹਨ ਦਾ ਖਰਚਾ ਨਹੀਂ ਦਿੱਤਾ। ਉਨ੍ਹਾਂ ਨੇ ਰਾਮਾ ਮੰਡੀ ਵਿੱਚ ਬਿਨਾਂ ਮਨਜ਼ੂਰੀ ਤੋਂ ਰੋਡ ਸ਼ੋਅ ਕੀਤਾ। ਇੱਥੋਂ ਤੱਕ ਕਿ ਵੋਟਰ ਪਰਚੀਆਂ ਵੰਡਣ ਲਈ ਪੋਲਿੰਗ ਬੂਥਾਂ ਦੇ ਬਾਹਰ ਬਣਾਏ ਗਏ ਬੂਥਾਂ ਦੇ ਖਰਚੇ ਦਾ ਵੇਰਵਾ ਵੀ ਨਹੀਂ ਦਿੱਤਾ ਗਿਆ।
ਅਜਿਹੇ ‘ਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਚੰਨੀ ਨੇ ਚੋਣ ਜਿੱਤਣ ਲਈ ਭ੍ਰਿਸ਼ਟ ਸਾਧਨਾਂ ਦੀ ਵਰਤੋਂ ਕੀਤੀ ਅਤੇ ਇਸ ਲਈ ਲੋਕ ਪ੍ਰਤੀਨਿਧ ਕਾਨੂੰਨ ਤਹਿਤ ਉਨ੍ਹਾਂ ਦੀ ਚੋਣ ਰੱਦ ਹੋਣੀ ਚਾਹੀਦੀ ਹੈ। ਪਟੀਸ਼ਨਕਰਤਾ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਅਜਿਹੇ ‘ਚ ਹੁਣ ਪਟੀਸ਼ਨਕਰਤਾ ਨੂੰ ਚੋਣ ਪਟੀਸ਼ਨ ਰਾਹੀਂ ਹਾਈ ਕੋਰਟ ਦੀ ਸ਼ਰਨ ਲੈਣੀ ਪਈ ਹੈ।