ਝੋਨਾ ਲਾ ਕੇ ਵਾਪਸ ਜਾ ਰਹੇ ਮਜ਼ਦੂਰਾਂ ਨਾਲ ਵਾਪਰਿਆ ਹਾਦਸਾ, ਪੰਜ ਦੀ ਮੌਤ, ਪੰਜ ਜ਼ਖ਼ਮੀ
ਲਖਨਊ, 1 ਅਗਸਤ, ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਕਾਰ ਅਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ ‘ਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਪੰਜ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਲੀਗੜ੍ਹ ਦੇ ਖੇਰ ਕੋਤਵਾਲੀ ਇਲਾਕੇ ‘ਚ ਅਨਾਜ ਮੰਡੀ ਦੇ ਸਾਹਮਣੇ ਦੇਰ ਰਾਤ ਇਕ ਈਕੋ ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਈਕੋ ‘ਚ ਸਵਾਰ ਪੰਜ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਮਜ਼ਦੂਰ ਹਰਿਆਣਾ ਤੋਂ ਝੋਨਾ ਲਾ ਕੇ ਕਾਰ ਰਾਹੀਂ ਪੀਲੀਭੀਤ ਜ਼ਿਲ੍ਹੇ ਵਿੱਚ ਆਪਣੇ ਘਰ ਪਰਤ ਰਹੇ ਸਨ।
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਨਾ ਦੇਣ ਦੇ ਨਾਲ-ਨਾਲ ਅਗਲੇਰੀ ਕਾਰਵਾਈ ਕਰਨ ‘ਚ ਜੁਟੀ ਹੋਈ ਹੈ।