ਭਾਰੀ ਮੀਂਹ ਕਾਰਨ ਵਿਧਾਨ ਸਭਾ ‘ਚ ਭਰਿਆ ਪਾਣੀ, ਵੀਡੀਓ ਆਏ ਸਾਹਮਣੇ
ਲਖਨਊ, 31 ਜੁਲਾਈ, ਬੋਲੇ ਪੰਜਾਬ ਬਿਊਰੋ :
ਲਖਨਊ ‘ਚ ਬੁੱਧਵਾਰ ਨੂੰ ਭਾਰੀ ਮੀਂਹ ਪਿਆ। ਬਾਰਿਸ਼ ਇੰਨੀ ਹੋਈ ਕਿ ਵਿਧਾਨ ਸਭਾ ‘ਚ ਪਾਣੀ ਭਰ ਗਿਆ। ਇਸ ਦੌਰਾਨ ਮੁਲਾਜ਼ਮਾਂ ਤੇ ਵਿਧਾਨ ਸਭਾ ਮੈਂਬਰਾਂ ਦਾ ਆਉਣਾ-ਜਾਣਾ ਠੱਪ ਹੋ ਗਿਆ। ਮੀਂਹ ਕਾਰਨ ਲਖਨਊ ਨਗਰ ਨਿਗਮ ਦੀ ਛੱਤ ਵੀ ਲੀਕ ਹੋ ਗਈ।
ਯੂਪੀ ਵਿਧਾਨ ਸਭਾ ਵਿੱਚ ਪਾਣੀ ਭਰਨ ਦੇ ਕਈ ਵੀਡੀਓ ਸਾਹਮਣੇ ਆਏ ਹਨ। ਕੰਪਲੈਕਸ ਵਿੱਚ ਦਾਖ਼ਲ ਹੋਣ ਵਾਲੇ ਵਾਹਨ ਪਾਣੀ ਵਿੱਚੋਂ ਲੰਘਦੇ ਨਜ਼ਰ ਆ ਰਹੇ ਹਨ। ਪੂਰੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਨਗਰ ਨਿਗਮ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਬਰਸਾਤ ਦੌਰਾਨ ਸ਼ਹਿਰ ਵਿੱਚ ਕਿਤੇ ਵੀ ਪਾਣੀ ਖੜ੍ਹਾ ਨਾ ਹੋਵੇ ਪਰ ਇੱਥੇ ਮੀਂਹ ਕਾਰਨ ਨਗਰ ਨਿਗਮ ਦੀ ਛੱਤ ਹੀ ਲੀਕ ਹੋ ਗਈ।
ਜ਼ਿਕਰਯੋਗ ਹੈ ਕਿ ਯੂਪੀ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਦੇ ਨਾਲ ਹੀ ਥਾਂ-ਥਾਂ ‘ਤੇ ਪਾਣੀ ਭਰ ਜਾਣ ਕਾਰਨ ਵਿਧਾਇਕਾਂ ਤੇ ਮੁਲਾਜ਼ਮਾਂ ਨੂੰ ਬਾਹਰ ਆਉਣ ‘ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਲਖਨਊ ਸ਼ਹਿਰ ‘ਚ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਤਰਾਈ ਸਮੇਤ ਪੂਰਬੀ ਅਤੇ ਦੱਖਣੀ ਯੂਪੀ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ।