ਕੇਰਲ ਦੇ ਵਾਇਨਾਡ ਜ਼ਿਲੇ ‘ਚ ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ 150 ਤੋਂ ਜ਼ਿਆਦਾ ਹੋਈ
ਵਾਇਨਾਡ, 31 ਜੁਲਾਈ, ਬੋਲੇ ਪੰਜਾਬ ਬਿਊਰੋ :
ਕੇਰਲ ਦੇ ਵਾਇਨਾਡ ਜ਼ਿਲੇ ‘ਚ ਮੇਪਦੀ ਨੇੜੇ ਕਈ ਪਹਾੜੀ ਇਲਾਕਿਆਂ ‘ਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ। ਇਸ ਕੁਦਰਤੀ ਆਫ਼ਤ ਕਾਰਨ ਹੁਣ ਤੱਕ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 128 ਲੋਕ ਜ਼ਖ਼ਮੀ ਹਨ। ਫੌਜ ਦਾ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਕੇਰਲ ਦੇ ਪੀਆਰਡੀ (ਜਨ ਸੰਪਰਕ ਵਿਭਾਗ) ਨੇ ਦੱਸਿਆ ਕਿ ਏਜ਼ਿਮਾਲਾ ਨੇਵਲ ਅਕੈਡਮੀ ਦੀਆਂ 60 ਟੀਮਾਂ ਬਚਾਅ ਕਾਰਜਾਂ ਲਈ ਚੂਰਲਮਾਲਾ ਪਹੁੰਚੀਆਂ ਹਨ। ਲੈਫਟੀਨੈਂਟ ਕਮਾਂਡੈਂਟ ਆਸ਼ੀਰਵਾਦ ਦੀ ਅਗਵਾਈ ਹੇਠ ਇਕ ਟੀਮ ਪਹੁੰਚੀ ਹੈ। ਇਸ ਸਮੂਹ ਵਿੱਚ 45 ਮਲਾਹ, ਪੰਜ ਅਧਿਕਾਰੀ, ਛੇ ਫਾਇਰ ਗਾਰਡ ਅਤੇ ਇੱਕ ਡਾਕਟਰ ਸ਼ਾਮਲ ਹਨ।
ਵਾਇਨਾਡ ‘ਚ ਤਲਾਸ਼ੀ ਅਤੇ ਬਚਾਅ ਮੁਹਿੰਮ ‘ਤੇ ਬ੍ਰਿਗੇਡੀਅਰ ਅਰਜੁਨ ਸੇਗਨ ਨੇ ਕਿਹਾ, ‘ਕੱਲ ਸਵੇਰ ਤੋਂ ਇੱਥੇ ਬਚਾਅ ਕਾਰਜ ਸ਼ੁਰੂ ਹੋ ਗਿਆ ਹੈ। ਕੱਲ੍ਹ ਖਰਾਬ ਮੌਸਮ ਕਾਰਨ ਅਸੀਂ ਰਫਤਾਰ ਨਾਲ ਕੰਮ ਨਹੀਂ ਕਰ ਸਕੇ। ਅੱਜ ਮੌਸਮ ਕਾਫੀ ਬਿਹਤਰ ਹੈ। ਮੀਂਹ ਨਹੀਂ ਪੈ ਰਿਹਾ। ਫੌਜ, NDRF, ਜਲ ਸੈਨਾ, ਰਾਜ ਪੁਲਿਸ ਅਤੇ ਜੰਗਲਾਤ ਵਿਭਾਗ ਦੇ ਲਗਭਗ 500 ਤੋਂ 600 ਬਚਾਅ ਕਰਮਚਾਰੀ ਅਤੇ ਸਥਾਨਕ ਵਲੰਟੀਅਰ ਕੰਮ ਕਰ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ 150 ਨੂੰ ਪਾਰ ਕਰ ਗਈ ਹੈ ਅਤੇ ਲਗਭਗ 200 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।