ਦੋ ਧੜਿਆਂ ‘ਚ ਫਾਇਰਿੰਗ, ਆਪ ਦੇ ਬਲਾਕ ਪ੍ਰਧਾਨ ਸਮੇਤ ਚਾਰ ਜ਼ਖਮੀ
ਗੁਰਦਾਸਪੁਰ, 31 ਜੁਲਾਈ, ਬੋਲੇ ਪੰਜਾਬ ਬਿਊਰੋ :
ਗੁਰਦਾਸਪੁਰ ਜ਼ਿਲ੍ਹੇ ‘ਚ ਕਲਾਨੌਰ ਦੇ ਪਿੰਡ ਡੇਅਰੀਵਾਲ ਕਿਰਨ ਵਿੱਚ ਇੱਕੋ ਪਿੰਡ ਦੇ ਨੌਜਵਾਨਾਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਨੌਜਵਾਨਾਂ ਨੇ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਮਝਾਉਣ ਲਈ ਆਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੀ ਕਾਰ ‘ਤੇ ਵੀ ਦੂਜੇ ਧੜੇ ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਾਰ ਦੀ ਭੰਨਤੋੜ ਕੀਤੀ। ਇਸ ਘਟਨਾ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਸਮੇਤ ਦੋਵੇਂ ਧੜਿਆਂ ਦੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਘਟਨਾ ਸਬੰਧੀ ਥਾਣਾ ਕਲਾਨੌਰ ਦੇ ਐਸ.ਐਚ.ਓ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਥਾਂ ‘ਤੇ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵੇਂ ਧੜਿਆਂ ਦੇ ਚਾਰੋਂ ਵਿਅਕਤੀ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹਨ।ਵਾਇਰਲ ਹੋ ਰਹੀ ਵੀਡੀਓ ਤੋਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ। ਦੋਵਾਂ ਧੜਿਆਂ ਦੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।