ਕੇਰਲ ਦੇ ਪਹਾੜੀ ਇਲਾਕਿਆਂ ‘ਚ ਜ਼ਮੀਨ ਖਿਸਕਣ ਕਾਰਨ ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ
ਥਿਰੂਵਨੰਤਾਪੁਰਮ, 30 ਜੁਲਾਈ, ਬੋਲੇ ਪੰਜਾਬ ਬਿਊਰੋ :
ਕੇਰਲ ਦੇ ਵਾਇਨਾਡ ਜ਼ਿਲੇ ਦੇ ਪਹਾੜੀ ਇਲਾਕਿਆਂ ‘ਚ ਜ਼ਮੀਨ ਖਿਸਕਣ ਕਾਰਨ ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕਾਂ ਦੇ ਫਸਣ ਦਾ ਖਦਸ਼ਾ ਹੈ। ਇਹ ਘਟਨਾ ਮੰਗਲਵਾਰ ਤੜਕੇ ਮੇਪਦੀ ਨੇੜੇ ਵਾਪਰੀ। ਵੇਰਵਿਆਂ ਅਨੁਸਾਰ ਇਸ ਖੇਤਰ ਵਿੱਚ ਪਹਿਲਾ ਢਿੱਗਾਂ ਡਿੱਗਣ ਦੀ ਘਟਨਾ ਤੜਕੇ 2 ਵਜੇ ਦੇ ਕਰੀਬ ਵਾਪਰੀ। ਬਾਅਦ ‘ਚ 4.10 ਵਜੇ ਦੇ ਕਰੀਬ ਜ਼ਿਲੇ ‘ਚ ਇਕ ਹੋਰ ਜਗ੍ਹਾ ਜ਼ਮੀਨ ਖਿਸਕ ਗਈ।
ਫਾਇਰ ਬ੍ਰਿਗੇਡ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਨੂੰ ਪ੍ਰਭਾਵਿਤ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ, ਇੱਕ ਵਾਧੂ ਐਨਡੀਆਰਐਫ ਟੀਮ ਵੀ ਵਾਇਨਾਡ ਜਾ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਨੇ ਕਿਹਾ ਕਿ ਹਵਾਈ ਸੈਨਾ ਦੇ ਦੋ ਹੈਲੀਕਾਪਟਰ, ਇੱਕ MI-17 ਅਤੇ ਇੱਕ ALH, ਬਚਾਅ ਕਾਰਜ ਲਈ ਸੁਲੂਰ ਤੋਂ ਰਵਾਨਾ ਹੋਣਗੇ।
ਜ਼ਮੀਨ ਖਿਸਕਣ ਦੇ ਘੰਟੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰੇ ਗਏ ਲੋਕਾਂ ਲਈ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।