ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ) ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਬੀ ਪੀ ਈ ਓ ਦੀ ਕਰ ਰਹੀ ਹੈ ਪੁਸ਼ਤ ਪੁਨਾਹੀ
ਫ਼ਤਹਿਗੜ੍ਹ ਸਾਹਿਬ,30, ਜੁਲਾਈ ਸਾਹਿਬ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਡੈਮੋਕ੍ਰੇਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਵੱਲੋਂ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਮਿੱਥੇ ਸਮੇਂ ਅਨੁਸਾਰ ਮੀਟਿੰਗ ਕੀਤੀ ਗਈ,ਮੀਟਿੰਗ ਵਿੱਚ ਡੀ ਈ ਓ ਦਾ ਰਵੱਈਆ ਨਾ ਪੱਖੀ ਹੋਣ ਕਾਰਨ ਜਥੇਬੰਦੀ ਵੱਲੋਂ ਮੀਟਿੰਗ ਦਾ ਬਾਈਕਾਟ ਕੀਤਾ ਗਿਆ।
ਡੀ ਟੀ ਐਫ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧਨੋਆ ਅਤੇ ਮੀਤ ਪ੍ਰਧਾਨ ਅਮਰਿੰਦਰ ਸਿੰਘ ਮਲੌਦ ਨੇ ਦੱਸਿਆ ਕਿ ਬਲਾਕ ਜਖਵਾਲੀ ਦੇ 18 ਅਧਿਆਪਕਾਂ ਵੱਲੋਂ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਬੀ ਪੀ ਈ ਓ ਜਖਵਾਲੀ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਗਈ ਸੀ,ਸਬੂਤ ਵਜੋਂ ਸਬੰਧਤ ਬੀ ਪੀ ਈ ਓ ਅਤੇ ਉਸ ਦੇ ਦਫ਼ਤਰ ਦੇ ਕਰਮਚਾਰੀ ਦੀ ਆਡੀਓ ਵੀ ਦਿੱਤੀ ਗਈ ਸੀ,ਜਿਸ ਅਧਾਰ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਮੁੱਢਲੀ ਜਾਂਚ ਵਿੱਚ ਦੋਸ਼ੀ ਪਾਈ ਜਾਣ ਕਾਰਨ ਸਬੰਧਤ ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 2 ਫ਼ਰਵਰੀ 2024 ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ ਦੇ ਰੂਲ 8 ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ ਸੀ ਉਸ ਦੀ ਲਗਾਤਾਰਤਾ ਵਿੱਚ 20 ਮਈ ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਰਿਟਾਇਰਡ ਜੱਜ ਤੋਂ 15 ਦਿਨ ਦੇ ਅੰਦਰ ਅੰਦਰ ਰੈਗੁਲਰ ਪੜਤਾਲ ਦੇ ਹੁਕਮ ਜਾਰੀ ਕੀਤੇ ਗਏ ਸਨ ਜੋ ਕਿ ਅਜੇ ਚੱਲ ਰਹੀ ਹੈ।
ਡੀ ਟੀ ਐਫ ਦੇ ਆਗੂਆਂ ਜਤਿੰਦਰ ਸਿੰਘ, ਹਰਿੰਦਰਜੀਤ ਸਿੰਘ, ਨਵਜੋਤ ਸਿੰਘ ਨੇ ਕਿਹਾ ਕਿ ਜਿਸ ਅਧਿਕਾਰੀ ਤੇ ਸਬੰਧਤ ਬਲਾਕ ਦੇ 18 ਅਧਿਆਪਕਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹੋਣ ਅਤੇ ਮੁੱਢਲੀ ਪੜਤਾਲ ਕਰਵਾਉਣ ਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਵੱਲੋਂ ਸਿੱਖਿਆ ਵਿਭਾਗ ਨੂੰ ਸਬੰਧਤ ਅਧਿਕਾਰੀ ਦੀ ਬਦਲੀ ਕਰਨ ਦੀ ਸ਼ਿਫਾਰਸ਼ ਕੀਤੀ ਹੋਵੇ, ਸਿੱਖਿਆ ਵਿਭਾਗ ਵੱਲੋਂ ਦੋਸ਼ ਤੈਅ ਕਰ ਕੇ ਦੋਸ਼ ਸੂਚੀ ਜਾਰੀ ਹੋਣ ਤੋਂ ਬਾਅਦ ਰੈਗੁਲਰ ਪੜਤਾਲ ਚੱਲ ਰਹੀ ਹੋਵੇ, ਉਸ ਵੱਲੋਂ ਟਾਰਗੇਟ ਕਰਕੇ ਸ਼ਿਕਾਇਤ ਕਰਤਾ ਅਧਿਆਪਕਾਂ ਦੇ ਸਕੂਲ ਚੈੱਕ ਕਰਨਾ,ਉਨ੍ਹਾਂ ਨੂੰ ਡਰਾਉਣਾ/ਧਮਕਾਉਣਾ, ਮਾੜੀ ਸ਼ਬਦਾਵਲੀ ਵਰਤਣਾ ਅਤੇ ਨਿੱਜੀ ਰੰਜਿਸ਼ ਤਹਿਤ ਸਕੂਲਾਂ ਦੇ ਕੰਮ ਵਿੱਚ ਕਮੀਆਂ ਦਿਖਾ ਕੇ ਨਾਜਾਇਜ਼ ਕਾਰਨ ਦੱਸੋ ਨੋਟਿਸ ਕੱਢਣੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ,ਇਸ ਸਬੰਧੀ ਜਦੋਂ ਜਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਰਵੱਈਆ ਗੈਰ ਜ਼ਿੰਮੇਵਾਰੀ ਵਾਲਾ ਸੀ,ਉਨ੍ਹਾਂ ਵੱਲੋਂ ਸਬੰਧਤ ਅਧਿਕਾਰੀ ਨੂੰ ਆਪਣੀ ਮਨਮਾਨੀ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। 70 ਦਿਨ ਬੀਤ ਜਾਣ ਤੋਂ ਬਾਅਦ ਵੀ ਰੈਗੁਲਰ ਪੜਤਾਲ ਮੁਕੰਮਲ ਨਹੀਂ ਹੋਈ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਜਿਹੇ ਗੰਭੀਰ ਮਾਮਲਿਆਂ ਵਿੱਚ ਵੀ ਆਪਣੇ ਹੇਠਲੇ ਅਧਿਕਾਰੀਆਂ ਨੂੰ ਬਚਾਉਣ ਲਈ ਉਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਡੀ ਟੀ ਐਫ ਜਿਲ੍ਹਾ ਕਮੇਟੀ ਵੱਲੋਂ ਅੱਜ ਇਸ ਸਬੰਧੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ 21 ਅਗਸਤ ਨੂੰ ਜਿਲ੍ਹਾ ਸਿੱਖਿਆ ਅਫਸਰ ਦੇ ਗੈਰਜ਼ਿੰਮੇਵਾਰਾਨਾ ਰਵੱਈਏ ਅਤੇ ਬੀ ਪੀ ਈ ਓ ਜਖਵਾਲੀ ਵੱਲੋਂ ਜਾਰੀ ਕੀਤੇ ਗਏ ਨਾਜਾਇਜ਼ ਕਰਨ ਦੱਸੋ ਨੋਟਿਸ ਰੱਦ ਕਰਵਾਉਣ ਲਈ ਡੀ ਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਵੱਡੇ ਪੱਧਰ ਤੇ ਧਰਨਾ ਲਗਾਇਆ ਜਾਵੇ।
ਇਸ ਮੌਕੇ ਗੁਲਸ਼ਨ ਕੁਮਾਰ, ਅਮਨਦੀਪ ਸਿੰਘ, ਬਲਜਿੰਦਰ ਘਈ, ਅਮਰਿੰਦਰ ਸਿੰਘ ਗੁਰਮ, ਜਸਵਿੰਦਰ ਸਿੰਘ ਬਧੌਛੀ ਕਲਾਂ, ਗੁਰਪਾਲ ਸਿੰਘ, ਗਗਨਦੀਪ ਸਿੰਘ, ਅਮਰਜੀਤ ਵਰਮਾ, ਬਲਵੀਰ ਸਿੰਘ, ਰਾਣਾ ਸਿੰਘ, ਜਸਵੀਰ ਸਿੰਘ ਜਟਾਣਾ, ਅਮਰਿੰਦਰ ਸਿੰਘ ਛੰਨਾ, ਜਸਵਿੰਦਰ ਸਿੰਘ, ਜਸਵੀਰ ਸਿੰਘ ਜਖਵਾਲੀ, ਜਸਪ੍ਰੀਤ ਕੌਰ, ਗੁਰਤੇਜ ਕੌਰ ਹਾਜ਼ਰ ਰਹੇ।