ਪੰਜਾਬ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਖਿਲਾਫ ਗੁਰੂਗ੍ਰਾਮ ‘ਚ ਮਾਮਲਾ ਦਰਜ

ਚੰਡੀਗੜ੍ਹ ਨੈਸ਼ਨਲ ਪੰਜਾਬ

ਗੁਰੂਗ੍ਰਾਮ, 30 ਜੁਲਾਈ ,ਬੋਲੇ ਪੰਜਾਬ ਬਿਊਰੋ :

ਇੱਥੋਂ ਦੇ ਡੀਐਲਐਫ ਫੇਜ਼-2 ਥਾਣੇ ਵਿੱਚ ਪੰਜਾਬ ਦੀ ਐਸ.ਏ.ਐਸ.ਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਧੋਖਾਧੜੀ ਕੀਤੀ। ਇਹ ਐਫਆਈਆਰ ਮਸ਼ਹੂਰ ਰੀਅਲ ਅਸਟੇਟ ਕੰਪਨੀ ਐਮਜੀਐਫ ਨੇ ਦਰਜ ਕਰਵਾਈ ਹੈ।

ਐਮਜੀਐਫ ਵੱਲੋਂ ਡੀਐਲਐਫ ਫੇਜ਼-2 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਗਿਆ ਕਿ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮ. ਨੇ ਆਪਣੀ ਅਤੇ ਉਨ੍ਹਾਂ ਦੀ (ਐੱਮ.ਜੀ.ਐੱਫ.) ਜ਼ਮੀਨ ‘ਤੇ ਪ੍ਰੋਜੈਕਟ ਬਣਾਇਆ। ਉਨ੍ਹਾਂ ਦਰਮਿਆਨ ਹੋਏ ਸਮਝੌਤੇ ਤਹਿਤ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ਵੱਲੋਂ ਪ੍ਰੋਜੈਕਟ ਸੇਲ ਕਰਕੇ ਐਮਜੀਐਫ ਨੂੰ ਲਗਭਗ 180 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ। ਐਮਜੀਐਫ ਨੇ ਦੋਸ਼ ਲਾਇਆ ਕਿ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ਨੇ ਉਨ੍ਹਾਂ ਨੂੰ ਸਿਰਫ 24 ਕਰੋੜ 10 ਲੱਖ ਰੁਪਏ ਦਿੱਤੇ। ਇਹ ਪੈਸਾ ਵੀ ਦਸੰਬਰ 2020 ਤੱਕ ਦਿੱਤਾ ਗਿਆ ਸੀ। ਬਾਕੀ 156 ਕਰੋੜ ਰੁਪਏ ਜਾਰੀ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਗਏ। ਜਨਵਰੀ 2021 ਤੋਂ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਨੇ ਕੋਈ ਪੈਸਾ ਐੱਮ.ਜੀ.ਐੱਫ ਨੂੰ ਨਹੀਂ ਦਿੱਤਾ ਹੈ।

ਐਮਜੀਐਫ ਨੇ ਇਹ ਵੀ ਕਿਹਾ ਹੈ ਕਿ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ਕੰਪਨੀ ਦੇ ਨਾਲ 31 ਅਕਤੂਬਰ 2018 ਨੂੰ ਇੱਕ ਸਮਝੌਤੇ ਤਹਿਤ ਨਵਾਂ ਐਗਰੀਮੈਂਟ ਸਾਇਨ ਕੀਤਾ ਗਿਆ ਸੀ। ਜਿਸ ਵਿੱਚ ਸੈਕਟਰ-94, ਮੁਹਾਲੀ, ਪੰਜਾਬ ਵਿੱਚ 117.098 ਏਕੜ ਜ਼ਮੀਨ ਵਿੱਚੋਂ 58.77 ਏਕੜ ਜ਼ਮੀਨ ਐਮਜੀਐਫ ਅਤੇ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੀ 59.138 ਏਕੜ ਜ਼ਮੀਨ ਸੀ। ਇਸ ਜ਼ਮੀਨ ਨੂੰ ਵਿਕਸਤ ਕਰਨ ਲਈ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸਦੇ ਵਿਕਾਸ ਤੋਂ ਬਾਅਦ, ਐਮਜੀਐਫ ਕੋਲ 82009 ਵਰਗ ਗਜ਼ ਰਿਹਾਇਸ਼ੀ ਅਤੇ 7023 ਵਰਗ ਗਜ਼ ਵਪਾਰਕ ਖੇਤਰ ਹੋਣਾ ਸੀ। ਇਸ ਵਿਕਸਤ ਖੇਤਰ ਨੂੰ ਵੇਚਣ ਲਈ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ਉਨ੍ਹਾਂ ਨੂੰ ਹੀ ਅਧਿਕਾਰ ਦਿੱਤੇ ਗਏ ਸਨ। ਇਸ ਸਮਝੌਤੇ ਵਿੱਚ ਦੋਵਾਂ ਕੰਪਨੀਆਂ ਨੇ ਦਸੰਬਰ 2018 ਤੋਂ ਵੱਖਰੀਆਂ ਕਿਸ਼ਤਾਂ ਤੈਅ ਕੀਤੀਆਂ ਸਨ। ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ਵਲੋਂ ਐਮਜੀਐਫ ਨੂੰ 180 ਕਰੋੜ 41 ਲੱਖ 98 ਹਜ਼ਾਰ ਰੁਪਏ ਦੇਣ ਲਈ ਸਮਝੌਤਾ ਹੋਇਆ।

ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 2013 ਵਿੱਚ ਇੱਕ ਐਗਰੀਮੈਂਟ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਨਾਲ ਹੋਇਆ ਸੀ। ਉਸ ’ਚ ਕੁੱਲ 60.89 ਏਕੜ ਜ਼ਮੀਨ ਵਿੱਚੋਂ ਐਗਰੀਮੈਂਟ ’ਚ ਐਮਜੀਐਫ ਦੀ 51.98 ਏਕੜ ਦਰਜ ਕੀਤੀ ਗਈ। ਇਸ ਤਰ੍ਹਾਂ ਦਸਤਾਵੇਜ਼ਾਂ ਵਿਚ ਹੀ ਫਰਜ਼ੀਵਾੜਾ ਕੀਤਾ ਗਿਆ। ਇਸ ਤਰ੍ਹਾਂ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ਨੇ ਐਮਜੀਐਫ ਨੂੰ ਧੋਖਾ ਦਿੱਤਾ। ਕਰੀਬ 9 ਏਕੜ ਜ਼ਮੀਨ ਧੋਖੇ ਨਾਲ ਹੜੱਪ ਲਈ ਗਈ। ਇਸ ਕਾਰਨ ਐਮਜੀਐਫ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾ. ਲਿਮਿਟੇਡ ’ਤੇ ਐਫ.ਆਈ.ਆਰ. ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *